ਲੁਧਿਆਣਾ : ਲੁਧਿਆਣਾ ਵਿੱਚ ਵੀਰਵਾਰ ਦੇਰ ਸ਼ਾਮ ਇੱਕ ਮਿੰਨੀ ਟਰੱਕ ਡਰਾਈਵਰ ਨੇ ਇੱਕ ਐਕਟਿਵਾ ਸਵਾਰ ਪਰਿਵਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ’ਤੇ ਥਾਣਾ ਜੋਧੇਵਾਲ ਬਸਤੀ ਦੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਐਕਟਿਵਾ 'ਤੇ 2 ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਕੁੱਲ 4 ਲੋਕ ਬੈਠੇ ਸਨ।


ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀਆਂ ਅੰਤੜੀਆਂ ਵੀ ਸਰੀਰ 'ਚੋਂ ਨਿਕਲ ਚੁੱਕੀਆਂ ਸਨ। ਬੱਚੀ ਦਾ ਦਿਲ ਬਾਹਰ ਨਿਕਲ ਕੇ  ਸੜਕ 'ਤੇ ਡਿੱਗ ਚੁੱਕਾ ਸੀ ਜਦਕਿ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਅਤੇ ਭਰਾ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਜ਼ਖਮੀ ਹੋ ਗਏ। ਲੜਕੀ ਦੇ ਭਰਾ ਦੀ ਹਾਲਤ ਵੀ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ  ਨੇ ਜ਼ਖਮੀਆਂ ਨੂੰ ਓਸਵਾਲ ਹਸਪਤਾਲ 'ਚ ਭਰਤੀ ਕਰਵਾਇਆ।


ਇਸ ਦੇ ਨਾਲ ਹੀ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੇ ਦੀ ਹਾਲਤ ਕਾਫੀ ਗੰਭੀਰ ਹੈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ 'ਤੇ ਹੀ ਵਾਹਨ ਛੱਡ ਕੇ ਫਰਾਰ ਹੋ ਗਿਆ। ਮਰਨ ਵਾਲੀ ਲੜਕੀ ਦੀ ਪਛਾਣ ਪ੍ਰਿਅੰਕਾ ਵਾਸੀ ਗੁਰਾਇਆ ਵਜੋਂ ਹੋਈ ਹੈ। ਉਸ ਦੇ ਪਿਤਾ ਜਸਵਿੰਦਰ ਸਿੰਘ (36), ਮਾਂ ਅਰਚਨਾ (35) ਅਤੇ ਛੋਟਾ ਭਰਾ ਮਨਦੀਪ (7) ਜ਼ਖ਼ਮੀ ਹੋ ਗਏ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਜਲੰਧਰ ਬਾਈਪਾਸ ਚੌਕ ਤੋਂ ਬਸਤੀ ਜੋਧੇਵਾਲ ਚੌਕ ਵੱਲ ਆ ਰਿਹਾ ਸੀ। ਜਦੋਂ ਉਹ ਬਸਤੀ ਜੋਧੇਵਾਲ ਥਾਣੇ ਦੇ ਬਾਹਰ ਪੁੱਜੇ ਤਾਂ ਤੇਜ਼ ਰਫ਼ਤਾਰ ਮਿੰਨੀ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਮਿੰਨੀ ਟਰੱਕ ਨੇ ਬੱਚੀ ਨੂੰ ਵੀ ਕੁਚਲ ਦਿੱਤਾ। ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।