ਜਲੰਧਰ : ਪਟਿਆਲਾ ਤੋਂ ਬਾਅਦ ਹੁਣ ਜਲੰਧਰ 'ਚ ਦਿਨ-ਦਿਹਾੜੇ ਲੱਖਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਇੰਡਸਟਰੀਅਲ ਏਰੀਆ 'ਚ ਸਥਿਤ ਯੂਕੋ ਬੈਂਕ 'ਚ ਦਿਨ-ਦਿਹਾੜੇ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਲੁੱਟ ਦੀਆਂ ਤਸਵੀਰਾਂ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ।
ਇੱਕ ਚਸ਼ਮਦੀਦ ਨੇ ਦੱਸਿਆ ਕਿ 3 ਲੁਟੇਰੇ ਬੈਂਕ ਦੇ ਅੰਦਰ ਦਾਖਲ ਹੋਏ, ਜਿਨ੍ਹਾਂ ਵਿੱਚੋਂ ਦੋ ਕੋਲ ਹਥਿਆਰ ਸਨ। ਉਸ ਨੇ ਦੱਸਿਆ ਕਿ ਇੱਕ ਨੇ ਪਿਸਤੌਲ ਤਾਣ ਕੇ ਬੈਂਕ ਵਿੱਚ ਮੌਜੂਦ ਲੋਕਾਂ ਨੂੰ ਸੋਨਾ ਉਤਾਰਨ ਲਈ ਕਿਹਾ। ਇਸ ਦੇ ਨਾਲ ਹੀ ਇਕ ਮਹਿਲਾ ਦੀ ਚੇਨ ਅਤੇ ਮੁੰਦਰੀ ਲਾਹ ਕੇ ਕਰੀਬ 13 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਲੁਟੇਰਿਆਂ ਨੇ ਚਿਹਰੇ ਦੇ ਮਾਸਕ ਪਹਿਨੇ ਹੋਏ ਸਨ ਅਤੇ ਪਿਸਤੌਲ ਨਾਲ ਹਥਿਆਰ ਲੈ ਕੇ ਆਏ ਸਨ। ਲੁਟੇਰਿਆਂ ਨੇ ਬੈਂਕ ਦੇ ਸਟਾਫ਼ ਨੂੰ ਡਰਾ ਧਮਕਾ ਕੇ ਲੋਕਾਂ ਨੂੰ ਉੱਥੇ ਹੀ ਨਜ਼ਰਬੰਦ ਕਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬੈਂਕ ਦੇ ਸੀਸੀਟੀਵੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਹੈ।
ਪਟਿਆਲਾ 'ਚ 35 ਲੱਖ ਦੀ ਹੋਈ ਸੀ ਲੁੱਟ
ਬੀਤੇ ਦਿਨ ਪਟਿਆਲਾ ਦੇ ਸ਼ੇਰਾਂਵਾਲਾ ਗੇਟ 'ਚ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ।ਜਾਣਕਾਰੀ ਮੁਤਾਬਕ ਇਹ ਘਟਨਾ ਐਸਬੀਆਈ ਦੀ ਮੇਨ ਬ੍ਰਾਂਚ ਦੀ ਉਸ ਥਾਂ ’ਤੇ ਵਾਪਰੀ ਜੋ ਪਾਬੰਦੀਸ਼ੁਦਾ ਏਰੀਆ ਹੈ। ਭਾਵ ਇਥੇ ਬੈਂਕ ਦਾ ਕੈਸ਼ ਪਿਆ ਹੁੰਦਾ ਹੈ ਤੇ ਉਥੇ ਕੋਈ ਵੀ ਅੰਦਰ ਨਹੀਂ ਜਾ ਸਕਦਾ ਪਰ ਅੱਜ ਇਸ ਥਾਂ ਤੋਂ ਇਕ ਬੱਚਾ ਇਕ ਨੋਟਾਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਬੈਂਕ ਦੇ ਮੁਲਾਜ਼ਮਾਂ ਮੁਤਾਬਕ ਇਹ ਕੈਸ਼ ਏਟੀਐਮਾਂ ਵਿਚ ਪਾਉਣ ਲਈ ਰੱਖਿਆ ਗਿਆ ਸੀ ਤੇ ਇਸ ਵਿਚ 35 ਲੱਖ ਕੈਸ਼ ਸੀ। ਇਸ ਘਟਨਾ ਤੋਂ ਬਾਅਦ ਬੈਂਕ ਵਿਚ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਮੌਕੇ ’ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਹਨ। ਬੈਂਕ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਸ਼ੇਰਾਂ ਵਾਲੇ ਗੇਟ ਕੋਲ ਸਥਿਤ ਸਟੇਟ ਬੈਂਕ ਆਫ ਇੰਡੀਆ ’ਚੋਂ 35 ਲੱਖ ਰੁਪਏ ਚੋਰੀ ਕਰ ਲਏ। ਬੈਂਕ ਦੇ ਮੁਲਾਜ਼ਮ ਇੱਥੇ ਸਥਿਤ ਏਟੀਐਮ ਵਿੱਚ ਪੈਸੇ ਪਾਉਣ ਲਈ ਆਏ ਸਨ। ਰੁਪਇਆਂ ਵਾਲਾ ਬੈਗ ਬੈਂਕ ਦੇ ਇਕ ਕਾਊਟਰ ’ਚ ਪਿਆ ਸੀ, ਜਿਸ ਦੀ ਪਹਿਲਾਂ ਤੋਂ ਖੜ੍ਹੇ 8 ਸਾਲਾਂ ਬੱਚੇ ਨੂੰ ਪਤਾ ਸੀ। ਜਿਵੇ ਹੀ ਕਾਊਂਟਰ ਤੋਂ ਮੁਲਾਜ਼ਮ ਗਿਆ ਲੜਕਾ ਬੇਂਕ ’ਚੋਂ ਨੋਟਾਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਿਆ।