ਹੁਸ਼ਿਆਰਪੁਰ: ਸੂਬੇ 'ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ । ਟਾਂਡਾ ਉੜਮੁੜ ਖੇਤਰ ਵਿਚ ਹੋ ਰਹੀਆਂ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਕਾਰਨ ਆਮ ਲੋਕਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਬੀਤੇ ਦਿਨੀ ਅੱਡਾ ਸਰਾ ਵਿਖੇ ਇਕ ਦੁਕਾਨ ਤੇ ਪਿਸਤੌਲ ਦੀ ਨੋਕ ਤੇ ਵਾਰਦਾਤ ਕਰਨ ਵਿੱਚ ਲੁਟੇਰੇ ਦੀ ਕੋਸ਼ਿਸ਼ ਨਾਕਾਮ ਸਾਬਤ ਹੋਈ ਸੀ ਉਥੇ ਦੂਸਰੇ ਦਿਨ ਤੇ ਹਾਈਵੇਅ 'ਤੇ ਅੱਡਾ ਖੁੱਡਾ ਵਿਖੇ ਦੋ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੋ ਮੋਟਰਸਾਈਕਲ ਸਵਾਰਾਂ ਵੱਲੋਂ ਫਿਲਮੀ ਅੰਦਾਜ਼ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਲੁਟੇਰਿਆਂ ਵੱਲੋਂ ਬੁੱਕ ਡੀਪੂ ਨੂੰ ਨਿਸ਼ਾਨਾ ਬਣਾਇਆ ਗਿਆ। ਡਿਪੂ ਵਿਚ ਦਾਖ਼ਲ ਹੋਏ ਲੁਟੇਰਿਆਂ ਨੇ ਦੁਕਾਨਦਾਰ ਰੋਹਿਤ ਕੁਮਾਰ 'ਤੇ ਪਿਸਤੌਲ ਤਾਣਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪਿਸਤੌਲ ਦੀ ਨੋਕ 'ਤੇ ਲੁਟੇਰੇ ਦੁਕਾਨਦਾਰ ਤੋਂ ਲਗਭਗ 20 ਹਜ਼ਾਰ ਰੁਪਏ ਲੁੱਟ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਇੰਨਾ ਹੀ ਨਹੀਂ ਜਾਂਦੇ ਸਮੇਂ ਲੁਟੇਰਿਆਂ ਨੇ ਦੁਕਾਨ 'ਤੇ ਪਈ ਕੈਂਚੀ ਰੋਹਿਤ ਦੀ ਬਾਂਹ 'ਤੇ ਵੀ ਮਾਰੀ। ਸੂਚਨਾ ਮਿਲਣ 'ਤੇ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਅੱਡਾ ਸਰਾਂ ਅਤੇ ਅੱਡਾ-ਖੱਡਾ ਦੇ ਕਸਬਿਆਂ ਤੇ ਅਨੇਕਾਂ ਵਾਰਦਾਤਾਂ ਹੁੰਦੀਆਂ ਹਨ ਪਰ ਪ੍ਰਸਾਸ਼ਨ ਲੁੱਟ ਖੋਹ ਦੀਆ ਇਹਨਾਂ ਵਾਰਦਾਤਾ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ।