Chandigarh News: ਬੇਰਹਿਮ ਮਾਪਿਆਂ ਨੇ 25 ਦਿਨਾਂ ਦੀ ਧੀ ਦੀ ਹੱਤਿਆ ਕਰ ਦਿੱਤੀ। ਪਤੀ-ਪਤਨੀ ਦੇ ਆਪਸੀ ਝਗੜੇ ਕਰਕੇ ਮਾਸੂਮ ਦੀ ਜਾਨ ਚਲੀ ਗਈ। ਹੁਣ ਅਦਾਲਤ ਨੇ ਦੋਸ਼ੀ ਮਾਂ-ਪਿਓ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਅਗਸਤ 2018 ਦਾ ਹੈ। ਪਤੀ ਨਾਲ ਝਗੜੇ ਮਗਰੋਂ ਗੁੱਸੇ ਵਿੱਚ ਆਈ ਪਤਨੀ ਨੇ ਆਪਣੀ 25 ਦਿਨਾਂ ਦੀ ਧੀ ਨੂੰ ਫਰਸ਼ ’ਤੇ ਸੁੱਟ ਦਿੱਤਾ ਸੀ। ਫਰਸ਼ ’ਤੇ ਡਿੱਗਣ ਕਰਕੇ ਬੱਚੀ ਦੇ ਸਿਰ ਵਿੱਚ ਸੱਟ ਵੱਜੀ ਤੇ ਉਸ ਦੀ ਮੌਤ ਹੋ ਗਈ।
ਹੁਣ ਚੰਡੀਗੜ੍ਹ ਦੇ ਸੈਕਟਰ-43 ਵਿਖੇ ਸਥਿਤ ਜ਼ਿਲ੍ਹਾ ਅਦਾਲਤ ਨੇ 25 ਦਿਨਾਂ ਦੀ ਧੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਮਾਂ-ਪਿਓ ਨੂੰ 5-5 ਸਾਲ ਦੀ ਕੈਦ ਤੇ 12-12 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਦੋਸ਼ੀਆਂ ਵਿੱਚ ਮਾਂ ਪੂਜਾ ਤੇ ਪਿਊ ਵਿਸ਼ਾਲ ਵਾਸੀਆਂ ਰਾਮਦਰਬਾਰ ਫੇਜ਼-1 ਸ਼ਾਮਲ ਹਨ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਸੁਣਾਇਆ ਹੈ। ਦੱਸ ਦਈਏ ਕਿ ਇਹ ਕੇਸ ਥਾਣਾ ਸੈਕਟਰ-31 ਦੀ ਪੁਲਿਸ ਨੇ ਅਗਸਤ 2018 ਵਿੱਚ ਆਈਪੀਸੀ ਦੀ ਧਾਰਾ 304 ਤੇ 201 ਤਹਿਤ ਦਰਜ ਕੀਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 14 ਅਗਸਤ 2018 ਨੂੰ ਸਰਬਜੀਤ ਕੌਰ ਨਾਮ ਦੀ ਔਰਤ ਨੇ ਚਾਈਲਡ ਹੈਲਪਲਾਈਨ ਰਾਹੀਂ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਰਾਮਦਰਬਾਰ ਵਿੱਚ ਇਕ ਬੱਚੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਰਾਮਦਰਬਾਰ ਫੇਜ਼-1 ਵਿੱਚ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ, ਜਿਸ ਮਗਰੋਂ ਗੁੱਸੇ ਵਿੱਚ ਆਈ ਪਤਨੀ ਨੇ ਆਪਣੀ 25 ਦਿਨਾਂ ਦੀ ਧੀ ਨੂੰ ਫਰਸ਼ ’ਤੇ ਸੁੱਟ ਦਿੱਤਾ। ਫਰਸ਼ ’ਤੇ ਡਿੱਗਣ ਕਰਕੇ ਬੱਚੀ ਦੇ ਸਿਰ ਵਿੱਚ ਸੱਟ ਵਜੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਹਸਪਤਾਲ ਵਿੱਚ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਾਪਿਆਂ ਨੇ ਮਾਮਲੇ ਨੂੰ ਦਬਾਉਣ ਲਈ ਬੱਚੀ ਨੂੰ ਦਫ਼ਨਾ ਦਿੱਤਾ। ਥਾਣਾ ਸੈਕਟਰ-31 ਦੀ ਪੁਲੀਸ ਨੇ ਕਾਰਵਾਈ ਕਰਦਿਆਂ ਬੱਚੀ ਨੂੰ ਜ਼ਮੀਨ ਵਿੱਚੋਂ ਕਢਵਾ ਕੇ ਸੈਕਟਰ-32 ਦੇ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ। ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।