ਭਿੱਖੀਵਿੰਡ : ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਤਤਲੇ ਵਿਖੇ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਪਤਨੀ ਦੇ ਰਿਸ਼ਤੇ ਨੂੰ ਪਤਨੀ ਵੱਲੋਂ ਤਾਰ -ਤਾਰ ਕੀਤਾ ਗਿਆ। ਪਿੰਡ ਤਤਲੇ ਵਿਖੇ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਸਲਫਾਸ ਦੀਆਂ ਗੋਲੀਆਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਪਤਨੀ ਅਤੇ ਉਸਦੇ ਆਸ਼ਿਕ ਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਹੀਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਸਿੰਘ ਦੀ ਪਤਨੀ ਰਣਦੀਪ ਕੌਰ ਦੇ ਅੰਗਰੇਜ਼ ਸਿੰਘ ਵਾਸੀ ਪਿੰਡ ਬੱਲ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਨਾਜਾਇਜ਼ ਸਬੰਧ ਸਨ ਅਤੇ ਅੰਗਰੇਜ਼ ਸਿੰਘ ਅਕਸਰ ਹੀ ਰਣਦੀਪ ਕੌਰ ਨੂੰ ਮਿਲਣ ਲਈ ਉਸਦੇ ਘਰ ਪਿੰਡ ਤਤਲੇ ਵਿਖੇ ਆਉਂਦਾ ਜਾਂਦਾ ਰਹਿੰਦਾ ਸੀ। 

 

ਜਿਸ ਨੂੰ ਲੈ ਕੇ ਹੀਰਾ ਸਿੰਘ ਨੇ ਰਣਦੀਪ ਕੌਰ ਨੂੰ ਅੰਗਰੇਜ਼ ਸਿੰਘ ਨਾਲ ਮਿਲਣ ਤੋਂ ਰੋਕਦਾ ਰਹਿੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਨੇ ਬੀਤੀ ਰਾਤ ਹੀਰਾ ਸਿੰਘ ਨੂੰ ਸਲਫਾਸ ਦੀਆਂ ਗੋਲੀਆਂ ਘੋਲ ਕੇ ਪਿਆ ਦਿੱਤੀਆਂ ,ਜਿਸ ਕਾਰਨ ਹੀਰਾ ਸਿੰਘ ਦੀ ਤੜਫ਼ ਤੜਫ਼ ਕੇ ਘਰ ਵਿੱਚ ਹੀ ਮੌਤ ਹੋ ਗਈ।


ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਗਰੇਜ ਸਿੰਘ ਅਕਸਰ ਹੀ ਨਵੇਂ ਤੋਂ ਨਵਾਂ ਮੋਟਰਸਾਈਕਲ ਲੈ ਕੇ ਆਉਂਦਾ ਸੀ ਅਤੇ ਉਹ ਮੋਟਰਸਾਈਕਲ ਇੱਥੇ ਹੀ ਛੱਡ ਜਾਂਦਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਅੰਗਰੇਜ਼ ਸਿੰਘ ਇਹ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਆਉਂਦਾ ਸੀ ਅਤੇ ਇੱਥੇ ਹੀ ਛੱਡ ਜਾਂਦਾ ਸੀ। 

 

ਉਧਰ ਥਾਣਾ ਭਿੱਖੀਵਿੰਡ ਪੁਲਿਸ ਨੇ ਮ੍ਰਿਤਕ ਹੀਰਾ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ। ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਹੀਰਾ ਸਿੰਘ ਦੀ ਮ੍ਰਿਤਕ ਦੇਹ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਇੰਸਪੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਮ੍ਰਿਤਕ ਹੀਰਾ ਸਿੰਘ ਦੇ ਭਰਾ ਦੇ ਬਿਆਨਾਂ 'ਤੇ ਰਣਦੀਪ ਕੌਰ ਅਤੇ ਅੰਗਰੇਜ਼ ਸਿੰਘ ਤੇ ਕਤਲ ਦਾ ਮਾਮਲਾ ਦਰਜ ਕਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਬਰੀਕੀ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।