Amritsar News : ਪੰਜਾਬ ਸਰਕਾਰ ਦੇ ਲੱਖ ਦਾਬਿਆਂ ਤੇ ਪੰਜਾਬ ਪੁਲਿਸ ਦੀ ਸਖਤੀ ਦੇ ਬਾਵਜੂਦ ਸੂਬੇ 'ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਗਈਆਂ ਹਨ।  ਅੰਮ੍ਰਿਤਸਰ 'ਚ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰ ਰਹੇ ਹਨ। ਦੂਜੇ ਪਾਸੇ ਚਾਈਨਾ ਡੋਰ ਸ਼ਰੇਆਮ ਵਿਕ ਵੀ ਰਹੀ ਹੈ ਤੇ ਲੋਕ ਇਸ ਡੋਰ ਨਾਲ ਹੀ ਪਤੰਗਬਾਜ਼ੀ ਵੀ ਕਰ ਰਹੇ ਹਨ।  ਹੁਣ ਅੰਮ੍ਰਿਤਸਰ 'ਚ ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ 15 ਸਾਲਾ ਲੜਕੇ ਦੀ ਗਰਦਨ ਕੱਟ ਗਈ ਹੈ।

 

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ 'ਚ ਚਾਈਨਾ ਡੋਰ ਦੀ ਲਪੇਟ 'ਚ ਆ ਕੇ 15 ਸਾਲਾ ਲੜਕੇ ਦੀ ਗਰਦਨ ਕੱਟ ਗਈ ਹੈ। ਉੱਥੋਂ ਲੰਘ ਰਹੇ ਲੋਕਾਂ ਨੇ ਜ਼ਖ਼ਮੀ ਨੌਜਵਾਨ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਹੈ, ਜਿੱਥੇ ਜ਼ਖਮੀ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਜ਼ਖਮੀ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਹੈ। ਇਸ ਮੌਕੇ 'ਤੇ ਖੜ੍ਹੇ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਲਈ ਹੈ। 

 


 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੌਮੀ ਪੱਧਰ ਦੀ ਖਿਡਾਰਨ ਲਵਪ੍ਰੀਤ ਕੌਰ ਦੀ ਚਾਈਨਾ ਡੋਰ ਕਾਰਨ ਜ਼ੁਬਾਨ ਕੱਟੀ ਗਈ ਸੀ। ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ 20 ਸਾਲਾ ਲਵਪ੍ਰੀਤ ਕੌਰ ਸਾਫਟਬਾਲ 'ਚ ਸਟੇਟ ਤੇ ਨੈਸ਼ਨਲ ਲੈਵਲ 'ਤੇ ਕਈ ਮੈਡਲ ਜਿੱਤ ਕੇ ਮਾਪਿਆਂ ਦਾ ਨਾਮ ਰੋਸ਼ਨ ਕਰ ਚੁੱਕੀ ਹੈ ਪਰ ਹੁਣ ਕੌਮੀ ਪੱਧਰ ਦੀ ਖਿਡਾਰਣ ਲਵਪ੍ਰੀਤ ਕੌਰ ਦੀ ਚਾਈਨਾ ਡੋਰ ਕਾਰਨ ਜ਼ੁਬਾਨ ਕੱਟ ਗਈ ਹੈ, ਜਿਸ ਕਾਰਨ ਉਸ ਦੀ ਉਡਾਣ ਨੂੰ ਉਥੇ ਹੀ ਬਰੇਕਾਂ ਲੱਗ ਗਈਆਂ ਹਨ। ਖਿਡਾਰਣ ਲਵਪ੍ਰੀਤ ਕੌਰ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਸੀ।

 

ਦਰਅਸਲ 'ਚ ਖਿਡਾਰਨ ਲਵਪ੍ਰੀਤ ਕੌਰ ਨੇ ਬੀਤੀ ਦਿਨੀਂ ਲੁਧਿਆਣਾ ਕੋਚਿੰਗ ਕੈਂਪ ਵਿੱਚ ਹਿੱਸਾ ਲੈਣ ਤੋਂ ਬਾਅਦ 2 ਫਰਵਰੀ ਨੂੰ ਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾਣਾ ਸੀ ਪਰ ਜਦੋਂ ਇਕ ਫਰਵਰੀ ਨੂੰ ਲਵਪ੍ਰੀਤ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਉਤੇ ਪਹੁੰਚੀ ਤੇ ਉਸ ਦਾ ਭਰਾ ਮਨਿੰਦਰ ਨੂੰ ਉਸ ਨੂੰ ਐਕਟਿਵਾ 'ਤੇ ਲੈਣ ਲਈ ਗਿਆ। ਦੋਵੇਂ ਭੈਣ ਭਰਾ ਖੁਸ਼ੀ ਖੁਸ਼ੀ ਘਰ ਜਾ ਰਹੇ ਸਨ। ਇਕਦਮ ਲਵਪ੍ਰੀਤ ਦੇ ਮੂੰਹ ਉਤੇ ਚਾਈਨਾ ਡੋਰ ਫਿਰੀ ਤੇ ਉਸ ਦੀ ਜ਼ੁਬਾਨ ਕੱਟੀ ਗਈ।