Amritsar News :  ਮਾਰਚ 2023 ਵਿੱਚ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਆਈ ਇਕ ਟੀਮ, ਜਿਸ ਵਿੱਚ ਅੰਡਰ ਸੈਕਟਰੀ ਸਕੁਆਰਡਨ ਲੀਡਰ ਵਿਨੋਦ ਰਾਜ ਮੋਹਨ, ਅੰਡਰ ਸੈਕਟਰੀ ਸਿਖਿਆ ਬਾਨਾਮਲੀ ਨਾਇਕ ਸਿਖਿਆ, ਸੈਕਸ਼ਨ ਅਫਸਰ ਸਿਖਿਆ ਨਰਿੰਦਰ ਨਿਰਾਪੁਰੇ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਜੀ-20 ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਪ੍ਰਤੀਨਿਧੀਆਂ ਦੇ ਰਹਿਣ-ਸਹਿਣ ਤੋਂ ਇਲਾਵਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।

 



ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੂਦਨ ਨੇ ਦੱਸਿਆ ਕਿ ਜੀ-20 ਸਿਖਰ ਸੰਮੇਲਨ ਵਿੱਚ 102 ਦੇ ਕਰੀਬ ਮੈਂਬਰਾਂ ਦਾ ਵਫਦ ਆਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਭਾਗ ਲੈਣ ਵਾਲੇ ਹਰੇਕ ਦੇਸ਼ ਦੇ ਵਫਦ ਨਾਲ 2-2 ਤਾਲਮੇਲ ਅਫਸਰ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਡੈਲੀਗੇਟ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਕੇਂਦਰ ਤੋਂ ਆਈ ਟੀਮ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਰਹਿਣ-ਸਹਿਣ ਆਦਿ ਸਥਾਨਾਂ ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ। 

 

ਸੂਦਨ ਨੇ ਦੱਸਿਆ ਕਿ ਜਿੰਨਾਂ ਰਸਤਿਆਂ ਰਾਹੀਂ ਵਫਦ ਮੈਂਬਰਾਂ ਨੇ ਸ਼ਹਿਰ ਦਾ ਦੌਰਾ ਕਰਨਾ ਹੈ, ਤੇ ਕਾਰਪੇਟਿੰਗ, ਹਾਰਟੀਕਲਚਰ ਅਤੇ ਪੇੇਟਿੰਗ ਕੰਮ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਸਰ ਦੇ ਸੁੰਦਰੀਕਰਨ ਕਰਨ ਲਈ ਵਿਕਾਸ ਦੇ ਕੰਮ  ਅਵਲ ਦਰਜੇ ਦੇ ਹੋਣਗੇ। ਸ੍ਰੀ ਸੂਦਨ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।


 ਮੀਟਿੰਗ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 15 ਫਰਵਰੀ ਤੱਕ ਸਾਰੇ ਵਿਕਾਸ ਦੇ ਕਾਰਜ ਮੁਕੰਮਲ ਹੋ ਜਾਣੇ ਚਾਹੀਦੇ ਹਨ । ਉਨ੍ਹਾਂ ਦੱਸਿਆ ਕਿ 28 ਫਰਵਰੀ ਤੱਕ ਕੇਵਲ ਉਹੀ ਕੰਮ ਕੀਤੇ ਜਾ ਸਕਣਗੇ ਜੋ ਕਿ ਬਹੁਤ ਹੀ ਮਹੱਤਵਪੂਰਨ ਹੋਣਗੇ ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਤੋਂ ਹੀ ਕੇਂਦਰ ਤੋਂ ਅਧਿਕਾਰੀਆਂ ਦੀਆਂ ਟੀਮਾਂ ਆਪਣਾ ਦੌਰਾ ਸ਼ੁਰੂ ਕਰ ਦੇਣਾ ਹੈ। ਕਮਿਸ਼ਨਰ ਨਗਰ ਨਿਗਮ ਨੇ ਜ਼ਿਲ੍ਹਾ ਸਿਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਖੁਦ ਜਾ ਕੇ ਸਕੂਲਾਂ ਦਾ ਦੌਰਾ ਕਰਨ ਅਤੇ ਜੇਕਰ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਜਿਸ ਨੂੰ ਤੁਰੰਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ।


 ਉਨ੍ਹਾਂ ਦੱਸਿਆ ਕਿ ਇਹ ਪੰਜਾਬ ਰਾਜ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ,ਜਿਸ ਵਿੱਚ ਵਿਸਵ ਭਰ ਦੇ ਪ੍ਰਮੁੱਖ ਦੇਸਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਾਮਿਲ ਹੋਣਗੇ। ਇਸ ਵਿਚ ਸਿਖਿਆ, ਕਿਰਤ ਅਤੇ ਹੋਰ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ। ਜਿਸਦਾ ਰਾਜ ਦੇ ਲੋਕਾਂ ਨੂੰ ਲਾਭ ਪਹੁੰਚੇਗਾ।  ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰਣਬੀਰ ਸਿੰਘ ਮੁੱਧਲ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੈਡਮ ਅਮਨਦੀਪ ਕੌਰ, ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀ ਰਜਤ ਓਬਰਾਏ, ਐਸ:ਡੀ:ਐਮ ਅੰਮ੍ਰਿਤਸਰ-2 ਸ੍ਰੀ ਹਰਪ੍ਰੀਤ ਸਿੰਘ, ਐਸ:ਡੀ:ਐਮ ਅੰਮ੍ਰਿਤਸਰ-1 ਮਨਕੰਵਲ ਚਾਹਲ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ ਢਿਲੋਂ, ਪੀ:ਸੀ:ਐਸ ਅਧਿਕਾਰੀ ਸ੍ਰੀ ਸਚਿਨ ਪਾਠਕ ਅਤੇ ਮਿਸ ਗੁਰਸਿਮਰਨ ਕੌਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।