Amritsar News: ਕੌਮਾਂਤਰੀ ਸਰਹੱਦ ਨਾਲ ਲਗਦੇ ਤਾਰ ਤੋਂ ਪਾਰਲੇ ਖੇਤਾਂ ਵਿੱਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋ ਜਾਏਗੀ ਜਦੋਂਕਿ ਬਾਕੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ 19 ਜੂਨ ਤੋਂ ਹੀ ਸ਼ੁਰੂ ਹੋਏਗੀ। ਖੇਤੀ ਮਹਿਕਮੇ ਨੇ ਕਿਹਾ ਹੈ ਕਿ ਝੋਨੇ ਦੀ ਲੁਆਈ ਸਰਕਾਰ ਵੱਲੋਂ ਤੈਅ ਤਾਰੀਖਾਂ ਤੋਂ ਪਹਿਲਾਂ ਨਾ ਕੀਤੀ ਜਾਵੇ। ਪੰਜਾਬ ਸਰਕਾਰ ਇਸ ਵਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਬਿਜਾਈ ਉੱਪਰ ਜ਼ੋਰ ਦੇ ਰਹੀ ਹੈ।
ਇਸ ਬਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਝੋਨੇ ਦੀ ਲੁਆਈ 19 ਜੂਨ ਤੋਂ ਨਿਸ਼ਚਿਤ ਕੀਤੀ ਗਈ ਹੈ ਜਦੋਂਕਿ ਕੌਮਾਂਤਰੀ ਸਰਹੱਦ ਨਾਲ ਲਗਦੇ ਤਾਰ ਤੋਂ ਪਾਰਲੇ ਖੇਤਾਂ ਵਿੱਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਦ ਪੰਜਾਬ ਪ੍ਰੀਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ 2009’ ਤਹਿਤ ਝੋਨੇ ਦੀ ਲੁਆਈ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਲਈ ਜਿਨ੍ਹਾਂ ਕਿਸਾਨਾਂ ਨੇ ਪਰਮਲ ਕਿਸਮਾਂ ਦੇ ਝੋਨੇ ਦੀ ਲੁਆਈ ਕਰਨੀ ਹੈ, ਉਹ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਹੀ ਤਰਜੀਹ ਦੇਣ। ਝੋਨੇ ਦੀ ਲੁਆਈ ਸਰਕਾਰ ਵੱਲੋਂ ਨਿਰਧਾਰਿਤ ਮਿਤੀਆਂ ਤੋਂ ਪਹਿਲਾਂ ਨਾ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਜਲਵਾਯੂ ਬਾਸਮਤੀ ਲਈ ਢੁੱਕਵਾਂ ਹੈ। ਇੱਥੇ ਪੈਦਾ ਕੀਤੀ ਜਾਂਦੀ ਬਾਸਮਤੀ ਵਿੱਚ ਪੱਕਣ ਸਮੇਂ ਮੌਸਮ ਠੰਢਾ ਹੋਣ ਕਾਰਨ ਬਹੁਤ ਵਧੀਆ ਅਰੋਮਾ ਵਿਕਸਿਤ ਹੁੰਦਾ ਹੈ। ਇਸ ਕਰ ਕੇ ਇਸ ਖੇਤਰ ਦੀ ਬਾਸਮਤੀ ਦੀ ਵਿਦੇਸ਼ਾਂ ਵਿੱਚ ਬਹੁਤ ਮੰਗ ਹੈ। ਬੀਤੇ ਵਰ੍ਹੇ ਜ਼ਿਲ੍ਹੇ ਅੰਦਰ 1,08,052 ਹੈਕਟੇਅਰ ਰਕਬੇ ’ਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ।
ਇਸ ਨੂੰ ਇਸ ਸਾਲ ਵਿਭਾਗ ਵੱਲੋਂ ਵਧਾ ਕੇ 1,30,000 ਹੈਕਟੇਅਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਜਾਵੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਾਸਮਤੀ ਦੀ ਲੁਆਈ ਪਹਿਲੀ ਤੋਂ 31 ਜੁਲਾਈ ਤੱਕ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।