Amritsar News : ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਿਲ੍ਹਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸੇਵਾ ਕੇਂਦਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 8 ਨਵੰਬਰ ਨੂੰ ਬੰਦ ਰਹਿਣਗੇ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਨੂੰ ਛੱਡ ਕੇ ਬਾਕੀ ਕੰਮਾਂ ਵਾਲੇ ਦਿਨਾਂ ਵਿੱਚ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਆਮ ਵਾਂਗ ਲੈ ਸਕਦੇ ਹਨ।


ਸ਼੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਦਾ ਜਨਮ ਬੇਦੀ ਕੁਲ ਵਿੱਚ ਬਾਬੇ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇ ਭੱਟੀ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਵਿਚ ਹੋਇਆ। ਇਹ ਸਥਾਨ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਆਪ ਦੇ ਜਨਮ-ਦਿਨ ਸਬੰਧੀ ਦੋ ਮਤ ਪ੍ਰਚਲਿਤ ਹਨ।

ਇੱਕ ਮਤ ਦਾ ਆਧਾਰ ਪੁਰਾਤਨ ਜਨਮਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. (ਵਿਸਾਖ ਸ਼ੁਦੀ 3, ਸੰਮਤ 1526 ਬਿ.) ਨੂੰ ਆਪ ਦਾ ਜਨਮ ਹੋਇਆ। ਦੂਜੇ ਮਤ ਦਾ ਆਧਾਰ ਬਾਲੇ ਵਾਲੀ ਜਨਮਸਾਖੀ ਹੈ ਜਿਸ ਵਿਚ ਆਪ ਦਾ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਹੋਇਆ। ਅਧਿਕਾਂਸ਼ ਵਿਦਵਾਨ ਪੁਰਾਤਨ ਜਨਮਸਾਖੀ ਵਾਲੀ ਤਿਥੀ ਨੂੰ ਸਹੀ ਮੰਨਦੇ ਹਨ ਪਰ ਸਿੱਖ ਸਮਾਜ ਵਿਚ ਆਪ ਦਾ ਜਨਮ-ਪੁਰਬ ਕਤਕ ਦੀ ਪੂਰਣਮਾਸੀ ਨੂੰ ਹੀ ਮੰਨਾਇਆ ਜਾਂਦਾ ਹੈ।

ਆਪ ਦੇ ਪਿਤਾ ਖੇਤੀ ਤੇ ਵਪਾਰ ਕਰਦੇ ਸਨ ਤੇ ਨਾਲ ਨਾਲ ਪਿੰਡ ਦੇ ਪਟਵਾਰੀ ਅਥਵਾ ਕਾਰਦਾਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ। ਆਪ ਨੂੰ ਸੰਨ 1475 ਈ. (1532 ਬਿ.) ਵਿੱਚ ਗੋਪਾਲ ਨਾਂ ਦੇ ਪਾਂਧੇ ਪਾਸ ਭਾਖਾ (ਦੇਸੀ ਭਾਸ਼ਾ) ਪੜ੍ਹਨ ਲਈ ਭੇਜਿਆ ਗਿਆ। ਸੰਨ 1478 ਈ. (1535 ਬਿ.) ਵਿੱਚ ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਬਿਠਾਇਆ ਗਿਆ ਤੇ ਸੰਨ 1482 ਈ. (1539 ਬਿ.) ਵਿੱਚ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤੁਬੁੱਦੀਨ ਪਾਸ ਮਸੀਤ ਵਿਚ ਭੇਜਿਆ ਗਿਆ।

ਅਧਿਆਪਕਾਂ ਪਾਸੋਂ ਪੜ੍ਹਨ ਵੇਲੇ ਆਪ ਨੇ ਅਧਿਆਤਮਿਕ ਗਿਆਨ ਦੀ ਚਰਚਾ ਵਿਚ ਅਧਿਕ ਰੁਚੀ ਵਿਖਾਈ। ਪੜ੍ਹਾਈ ਤੋਂ ਬਾਅਦ ਗੁਰੂ ਜੀ ਬਹੁਤ ਉਦਾਸ ਰਹਿਣ ਲੱਗੇ। ਆਪ ਨੂੰ ਪਿਤਾ ਵੱਲੋਂ ਖੇਤੀ ਕਰਨ ਤੇ ਫਿਰ ਵਪਾਰ ਕਰਨ ਲਈ ਪ੍ਰੇਰਿਆ ਗਿਆ, ਪਰ ਆਪ ਦੀ ਮਾਨਸਿਕ ਉਦਾਸੀਨਤਾ ਉਸੇ ਤਰ੍ਹਾਂ ਬਣੀ ਰਹੀ। ਆਪ ਕਦੇ ਕਦੇ ਪਿੰਡ ਦੇ ਨੇੜਲੇ ਜੰਗਲਾਂ ਵਿੱਚ ਸਮਾਧੀ ਲਗਾਉਣ ਲਈ ਚਲੇ ਜਾਂਦੇ ਤੇ ਕਈ ਵਾਰ ਸਾਧਾਂ-ਸੰਤਾਂ ਦੀ ਸੰਗਤ ਨੂੰ ਮਾਣਦੇ।