Amritsar News: ਸਨਿਚਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਉੱਤੇ ਵਿਚਾਰ ਕੀਤੇ ਗਏ।


ਬੱਚੇ ਉੱਤੇ ਕੇਸ ਦਰਜ ਕਰਨਾ ਮੰਦਭਾਗਾ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਥਿਆਰਾਂ ਦੇ ਪ੍ਰਦਰਸ਼ਨ ਸੰਬੰਧੀ ਇਕ ਸਿੱਖ ਬੱਚੇ ’ਤੇ ਕੇਸ ਦਰਜ ਕੀਤੇ ਜਾਣ ਦੇ ਮਾਮਲੇ ਵਿੱਚ ਤਿੱਖਾ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‘ਪੰਜਾਬ ਸਰਕਾਰ ਵੱਲੋਂ ਸਿੱਖ ਬੱਚੇ ’ਤੇ ਹਥਿਆਰਾਂ ਦੇ ਪ੍ਰਦਰਸ਼ਨ ਸੰਬੰਧੀ ਕੇਸ ਦਰਜ ਕੀਤਾ ਗਿਆ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਫ਼ਿਲਮਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ।’






ਕੇਂਦਰ ਕਰ ਰਹੀ ਹੈ ਸਾਜ਼ਸ਼ਾਂ


ਇਸ ਤੋਂ ਇਲਾਵਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨਾਂ ਨੂੰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ ਹਮਲਾ ਕਰਾਰ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਕਾਨੂੰਨ ਦੀ ਆੜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ‘ਇਹ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ’ਤੇ ਕੇਂਦਰ ਸਰਕਾਰ ਦਾ ਹਮਲਾ ਕਰਾਰ ਦਿੱਤਾ ਜਾਂਦਾ ਹੈ।’


ਕੌਮਾਂਤਰੀ ਸਿੱਖ ਬੈਂਕ ਦੀ ਸਥਾਪਨਾ


ਇਸ ਤੋਂ ਇਲਾਵਾ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਿੱਖ ਬੈਂਕ ਦੀ ਸਥਾਪਨਾ ਅਤੇ ਸਿੱਖ ਕੌਮ ਦਾ ਆਪਣਾ ਅੰਤਰਰਾਸ਼ਟਰੀ ਮਿਆਰ ਦਾ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਬਾਰੇ ਗੱਲ ਤੋਰੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੰਸਾਰ ਪੱਧਰ ’ਤੇ ਸਿੱਖ ਬੈਂਕ ਬਨਾਉਣ ਤੇ ਚਲਾਉਣ ਬਾਰੇ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਤੇ ਇਸ ਬਾਰੇ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਇਸਲਾਮਿਕ ਬੈਂਕ ਦੀ ਤਰਜ਼ ’ਤੇ ਇਸ ਬੈਂਕ ਰਾਹੀਂ ਸਿੱਖ ਨੌਜਵਾਨਾਂ ਨੂੰ ਉਚੇਰੀ ਵਿਦਿਆ ਤੇ ਰੋਜ਼ਗਾਰ ਦੇ ਧਾਰਨੀ ਬਣਾਉਣ ਲਈ ਯੋਗ ਸਹਾਇਤਾ ਕੀਤੀ ਜਾ ਸਕੇ।


ਸਿੱਖ ਐਜੂਕੇਸ਼ਨ ਬੋਰਡ ਬਣਾਉਣ ਲਈ ਕਮੇਟੀ


ਉਨ੍ਹਾਂ ਨੇ ਦੱਸਿਆ ਕਿ ਸਿੱਖ ਐਜੂਕੇਸ਼ਨ ਬੋਰਡ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖ ਵਿਦਿਵਾਨਾਂ ਅਤੇ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ’ਤੇ ਆਧਾਰਿਤ ਇਕ ਉੱਚ-ਪੱਧਰੀ ਕਮੇਟੀ ਬਣਾਈ ਜਾਵੇਗੀ ਜੋ ਇਸ ਕਾਰਜ ਦੀ ਪੂਰਤੀ ਲਈ ਯਤਨ ਕਰੇਗੀ।