ਅੰਮ੍ਰਿਤਸਰ  - Khedan Watan Punjab Dia - ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਉਦੇਸ਼ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਦੀ ਸ਼ੁਰੂਆਤ 1 ਸਤੰਬਰ ਤੋਂ 10 ਸਤੰਬਰ ਤੱਕ ਹੋਣ ਵਾਲੀਆਂ ਬਲਾਕ ਪੱਧਰੀ ਖੇਡਾਂ ਤੋਂ ਸ਼ੁਰੂ ਹੋ ਜਾਵੇਗੀ ਅਤੇ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਵਿਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ। ਜਿਸਦੀ ਮਿਸ਼ਾਲ 23 ਅਗਸਤ ਨੂੰ ਅੰਮ੍ਰਿਤਸਰ ਵਿਖੇ ਪੁੱਜੇਗੀ।


ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਸਬੰਧੀ ਬੁਲਾਈ ਗਈ ਮੀਟਿੰਗ ਵਿੱਚ ਕੀਤਾ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 1 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ, ਕੀਰਤਨ ਦਰਬਾਰ ਸੋਸਾਇਟੀ ਗਰਾਉਂਡ ਅਤੇ ਸਰਕਾਰੀ ਕਾਲਜ ਅਜਨਾਲਾ, ਖੇਡ ਸਟੇਡੀਅਮ ਹਰਸ਼ਾ ਛੀਨਾ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ, ਉਲੰਪੀਅਨ ਸਮਸੇਰ ਸਿੰਘ ਸਸਸ ਸਕੂਲ, ਸ੍ਰੀ ਦਸਮੇਸ਼ ਪਬਲਿਕ ਸੀਨੀ: ਸੈਕੰ: ਸਕੂਲ ਮਜੀਠਾ, ਕੋਟਲਾ ਸੁਲਤਾਨ ਸਿੰਘ, ਜਗੀਰ ਸਿੰਘ ਸੰਧੂ ਸਟੇਡੀਅਮ ਮਾਨਾਵਾਲਾਂ ਕਲਾਂ, ਸਰਕਾਰੀ ਸੀਨੀ:ਸੈਕੰ: ਸਕੂਲ ਬੰਡਾਲਾ, ਸਰਕਾਰੀ ਸੀਨੀ: ਸੈਕੰ: ਸਕੂਲ ਤਰਸਿੱਕਾ, ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ, ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਅਤੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ  ਹੋਣਗੀਆਂ । ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅਥਲੀਟ, ਫੁੱਟਬਾਲ, ਕਬੱਡੀ, ਖੋ -ਖੋ, ਟੱਗ ਆਫ਼ ਵਾਰ, ਵਾਲੀਵਾਲ(ਸਮੈਸ਼ਿੰਗ) ਅਤੇ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾਣਗੇ।


ਵਧੀਕ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦੀਆਂ ਕਿਹਾ ਕਿ ਇਨਾ ਖੇਡਾਂ ਵਿੱਚ ਬੱਚਿਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾਵੇ ਤੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ khedanwatanpunjabdia.com ਤੇ ਬੱਚਿਆਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਇਆ ਜਾਵੇ।


ਉਨਾਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14 ਤੋਂ 65 ਸਾਲ ਦੀ ਉਮਰ ਤੱਕ ਦੇ ਨੌਜਵਾਨ/ਬਜ਼ੁਰਗ ਹਿੱਸਾ ਲੈ ਸਕਦੇ ਹਨ।  ਉਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਖੇਡਾਂ 16 ਸਤੰਬਰ 2023 ਤੋਂ 26 ਸਤੰਬਰ 2023 ਤੱਕ ਅਤੇ ਰਾਜ ਪੱਧਰੀ ਖੇਡਾਂ 1 ਅਕਤੂਬਰ  2023 ਤੋਂ 20 ਅਕਤੂਬਰ 2023 ਤੱਕ ਹੋਣਗੀਆਂ।


ਵਧੀਕ ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਹਰ ਇਕ ਖੇਡ ਵੈਨਿਯੂ ਤੇ ਫਿਜੀਕਲ ਐਜੁਕੇਸ਼ਨ, ਡੀ.ਪੀ.ਆਈ. ਅਤੇ ਪੀ.ਟੀ.ਆਈ. ਦੀ ਡਿਊਟੀ ਲਗਾਈ ਜਾਵੇ ਅਤੇ ਸਕੂਲਾਂ ਦੀਆਂ ਟੀਮਾਂ ਨਾਲ ਪੁਰਸ਼ ਅਤੇ ਇਸਤਰੀਆਂ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣ। ਉਨਾਂ ਕਿਹਾ ਕਿ ਜਿਨਾਂ ਸਥਾਨਾਂ ਤੇ ਬਲਾਕ ਪੱਧਰੀ ਖੇਡਾਂ ਹੋਣੀਆਂ ਹਨ। ਉਥੇ ਡਾਕਟਰੀ ਸਹਾਇਤਾ, ਐਂਬੂਲੈਂਸ ਅਤੇ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਆ ਜਾਵੇ।