Punjab News : ਅੰਮ੍ਰਿਤਸਰ : ਕਿਸੇ ਵੀ ਦੇਸ਼ ਦਾ ਵਿਕਾਸ ਉਸ ਦੇਸ਼ ਵਿੱਚ ਚੱਲ ਰਹੇ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ਤੋਂ ਹੀ ਲਿਆ ਜਾ ਸਕਦਾ ਹੈ। ਜੇਕਰ ਕਿਸੇ ਬੱਚੇ ਦੀ ਸਿਹਤ ਠੀਕ ਹੋਵੇਗੀ ਤਾਂ ਹੀ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਸਕੇਗਾ। ਇਸਦੇ ਨਾਲ ਹੀ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਕਿਉਂਕਿ ਇਹੀ ਬੱਚੇ ਸਾਡੇ ਕੱਲ ਦਾ ਭਵਿੱਖ ਹਨ ਅਤੇ ਜਿਨ੍ਹਾਂ ਨੇ ਅੱਗੇ ਜਾ ਕੇ ਇਸ ਦੇਸ਼ ਨੂੰ ਇਕ ਨਵੀਂ ਸੇਧ ਦੇਣੀ ਹੈ।

 
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸਰਕਾਰੀ ਸੀ.ਸੈਕੰ. ਸਕੂਲ ਤਾਰਾਗੜ੍ਹ ਵਿਖੇ 22.76 ਲੱਖ ਰੁਪਏ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੰਡਾਲਾ ਵਿਖੇ 12.54 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਦੀ ਇਮਾਰਤਾਂ ਵਿੱਚ ਹੋਣ ਵਾਲੇ ਵਿਸ਼ੇਸ਼ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਈ.ਟੀ.ਓ. ਨੇ ਕਿਹਾ ਕਿ ਇਨਾਂ ਨਾਲ ਦੋਵਾਂ ਸਕੂਲਾਂ ਵਿੱਚ ਪੀਣ ਵਾਲਾ ਪਾਣੀ, ਟਾਇਲੈਟ ਅਤੇ ਕਮਰਿਆਂ ਦੀ ਮੁਰੰਮਤ ਦੇ ਨਾਲ ਨਾਲ ਇੰਟਰਲਾਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ। 

 

ਈਟੀਓ ਨੇ ਕਿਹਾ ਕਿ ਬੜ੍ਹੇ ਦੁੱਖ ਦੀ ਗੱਲ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਇਨਾਂ ਸਕੂਲਾਂ ਦੀ ਹਾਲਤ ਖਸਤਾ ਸੀ, ਜਿਥੋਂ ਸਾਡਾ ਭਵਿੱਖ ਨਿਕਲਣਾ ਹੈ। ਉਨਾਂ ਕਿਹਾ ਕਿ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਦੀ ਵਿਸ਼ੇਸ ਤੌਰ ਤੇ ਮੁਰੰਮਤ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਸਰਕਾਰੀ ਸਕੂਲਾਂ ਦੀ ਦਿਖ ਨੂੰ ਸੰਵਾਰਿਆ ਜਾਵੇਗਾ। ਉਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਜ਼ਮੀਨਾਂ ਤੇ ਸਰਕਾਰੀ ਪ੍ਰੋਜੈਕਟ ਲਗਵਾਉਣ ਤਾਂ ਜੋ ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।


ਈਟੀਓ ਨੇ ਦੱਸਿਆ ਕਿ ਸੂਬੇ ਦੇ 72.66 ਲੱਖ ਬਿਜਲੀ ਖਪਤਕਾਰਾਂ ਵਿਚੋਂ 50 ਲੱਖ ਖਪਤਕਾਰਾਂ ਦੇ ਬਿੱਲ ਜ਼ੀਰੋ ਆਏ ਹਨ। ਉਨਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਸੂਬੇ ਅੰਦਰ 14 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਮੁਹੱਈਆ ਕਰਵਾਈ ਗਈ ਹੈ। ਸ: ਈ.ਟੀ.ਓ. ਨੇ ਕਿਹਾ ਕਿ ਲੋਕਾਂ ਨੇ ਸਾਨੂੰ ਬਦਲਾਅ ਲਿਆਉਣ ਲਈ ਵੋਟ ਦਿੱਤਾ ਸੀ ਅਤੇ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਟਾ ਜਾਵੇਗਾ, ਜਿਥੇ ਰਾਜ ਦੇ ਸਾਰੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇ ਨਾਲ ਨਾਲ ਰੋਜ਼ਗਾਰ ਦੇਣ ਦਾ ਵੀ ਪ੍ਰਬੰਧ ਕੀਤਾ ਹੈ।