ਅੰਮ੍ਰਿਤਸਰ ਵਿੱਚ ਵੱਧ ਰਹੇ ਪ੍ਰਦੂਸ਼ਣ ਤੇ ਘੱਟ ਵਿਜ਼ੀਬਿਲਟੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨ ਵਾਲੀਆਂ ਤਿੰਨ ਉਡਾਣਾਂ ਨੂੰ ਖਰਾਬ ਵਿਜ਼ੀਬਿਲਟੀ ਕਾਰਨ ਚੰਡੀਗੜ੍ਹ ਵੱਲ ਮੋੜਨਾ ਪਿਆ। ਇਨ੍ਹਾਂ ਉਡਾਣਾਂ ਵਿੱਚ ਇੱਕ ਅੰਤਰਰਾਸ਼ਟਰੀ ਉਡਾਣ ਦੇ ਨਾਲ-ਨਾਲ ਦੋ ਘਰੇਲੂ ਉਡਾਣਾਂ ਸ਼ਾਮਲ ਸਨ।
ਅੰਮ੍ਰਿਤਸਰ 'ਚ ਸ਼ਨੀਵਾਰ ਦੁਪਹਿਰ ਨੂੰ ਪ੍ਰਦੂਸ਼ਣ ਦਾ ਪੱਧਰ ਵਧ ਕੇ 336 AQI ਹੋ ਗਿਆ। ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਕਾਫੀ ਵਿਗੜ ਗਈ ਹੈ, ਜਿਸ ਕਾਰਨ ਵਿਜੀਬਿਲਟੀ ਵਿੱਚ ਭਾਰੀ ਕਮੀ ਆਈ ਹੈ। ਪ੍ਰਦੂਸ਼ਣ ਦਾ ਪੱਧਰ ਲਗਾਤਾਰ ਖ਼ਤਰਨਾਕ ਪੱਧਰ 'ਤੇ ਪਹੁੰਚ ਰਿਹਾ ਹੈ, ਜਿਸ ਕਾਰਨ ਉਡਾਣਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋ ਰਿਹਾ ਹੈ। ਏਅਰਪੋਰਟ ਅਥਾਰਟੀ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਉਡਾਣਾਂ ਨੂੰ ਚੰਡੀਗੜ੍ਹ ਭੇਜਣ ਦਾ ਫੈਸਲਾ ਕੀਤਾ ਹੈ।
ਕਿਹੜੀਆਂ ਉਡਾਣਾਂ ਪ੍ਰਭਾਵਿਤ ਹੋਈਆਂ
ਦੁਬਈ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਵੀ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਹੈ। ਸਵੇਰੇ 7.40 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਨਾ ਸੀ। ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਾਲੀ ਇਸ ਫਲਾਈਟ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਉਤਰਨਾ ਪਿਆ।
ਇਸ ਤੋਂ ਇਲਾਵਾ ਮੁੰਬਈ ਤੇ ਹੈਦਰਾਬਾਦ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਫਲਾਈਟਾਂ ਨੂੰ ਵੀ ਵਿਜ਼ੀਬਿਲਟੀ ਨਾ ਮਿਲਣ ਕਾਰਨ ਚੰਡੀਗੜ੍ਹ ਵੱਲ ਮੋੜ ਦਿੱਤਾ ਗਿਆ ਜਿਸ ਵਿੱਚ ਵਿਸਤਾਰਾ ਦੀਆਂ ਘਰੇਲੂ ਉਡਾਣਾਂ ਸਵੇਰੇ 7.55 ਵਜੇ ਲੈਂਡਿੰਗ ਅਤੇ ਅਹਿਮਦਾਬਾਦ ਦੀਆਂ ਘਰੇਲੂ ਉਡਾਣਾਂ ਸਵੇਰੇ 11.15 ਵਜੇ ਲੈਂਡਿੰਗ ਵੀ ਸ਼ਾਮਲ ਹਨ।
ਪ੍ਰਦੂਸ਼ਣ ਦਾ ਪੱਧਰ 336 AQI ਤੱਕ ਪਹੁੰਚਿਆ
ਅੰਮ੍ਰਿਤਸਰ ਵਿੱਚ ਹਵਾ ਗੁਣਵੱਤਾ ਸੂਚਕਾਂਕ ਦਾ ਪੱਧਰ 336 ਤੱਕ ਪਹੁੰਚ ਗਿਆ ਹੈ, ਜੋ ਕਿ “ਬਹੁਤ ਮਾੜੀ” ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਪੱਧਰ 'ਤੇ ਹਵਾ ਵਿਚ ਮੌਜੂਦ ਜ਼ਹਿਰੀਲੇ ਕਣ ਸਾਹ ਲੈਣ ਵਿਚ ਮੁਸ਼ਕਲ, ਅੱਖਾਂ ਵਿਚ ਜਲਣ ਅਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਹਵਾ ਪ੍ਰਦੂਸ਼ਣ ਵਧਣ ਦਾ ਕਾਰਨ ਦੀਵਾਲੀ 'ਤੇ ਪਟਾਕੇ ਚਲਾਉਣਾ, ਪਰਾਲੀ ਸਾੜਨਾ, ਟ੍ਰੈਫਿਕ ਪ੍ਰਦੂਸ਼ਣ ਅਤੇ ਸਥਿਰ ਮੌਸਮ ਨੂੰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਹਾਲਾਤਾਂ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਲੈਂਡਿੰਗ ਇੱਕ ਚੁਣੌਤੀ ਬਣ ਗਈ ਹੈ।