Chandigarh News: ਆਮ ਆਦਮੀ ਪਾਰਟੀ (ਆਪ) ਦੇ ਤਿੰਨ ਕੌਂਸਲਰਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਡਾ: ਸੰਨੀ ਸਿੰਘ ਆਹਲੂਵਾਲੀਆ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਭਾਜਪਾ ਦੀ ਇਹ ਸਾਜ਼ਿਸ਼ ਲੰਬੇ ਸਮੇਂ ਤੋਂ ਚੱਲ ਰਹੀ ਹੈ।


ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪਹਿਲਾਂ 18 ਜਨਵਰੀ ਨੂੰ ਚੋਣਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ, ਫਿਰ 30 ਜਨਵਰੀ ਨੂੰ ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਹੰਗਾਮਾ ਕਰਕੇ ਵੋਟਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਅਸੀਂ ਸੁਪਰੀਮ ਕੋਰਟ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਸਮਾਂ ਮਿਲਦਾ ਹੈ ਅਤੇ ਉਸੇ ਸਮੇਂ 'ਆਪ੍ਰੇਸ਼ਨ ਲੋਟਸ' ਸ਼ੁਰੂ ਕਰ ਦਿੰਦੇ ਹਨ। ਤਿੰਨ ਦਿਨ ਪਹਿਲਾਂ ਜੋ ਕੌਂਸਲਰ ਭਾਜਪਾ ਦਾ ਵਿਰੋਧ ਕਰਨ ਰਹੇ ਸੀ ਤੇ ਜਮਹੂਰੀਅਤ ਦੀ ਲੜਾਈ ਲੜ ਰਹੇ ਸਨ ਉਨ੍ਹਾਂ ਕੌਂਸਲਰਾਂ ਨੂੰ ਇਨ੍ਹਾਂ ਲੋਕਾਂ ਨੇ ਡਰਾ-ਧਮਕਾ ਕੇ  ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ।






ਦਰਅਸਲ, ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਤਿੰਨ ਕੌਂਸਲਰ ਪੱਖ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਸੀਨੀਅਰ ਨੇਤਾ ਅਰੁਣ ਸੂਦ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਨੇਤਾ ਵਿਨੋਦ ਤਾਵੜੇ ਦੀ ਮੌਜੂਦਗੀ 'ਚ 'ਆਪ' ਦੇ ਤਿੰਨ ਕੌਂਸਲਰ ਨੇਹਾ, ਪੂਨਮ ਅਤੇ ਗੁਰੂਚਰਨ ਕਾਲਾ ਭਾਜਪਾ 'ਚ ਸ਼ਾਮਲ ਹੋ ਗਏ ਹਨ। 


ਦੱਸ ਦੇਈਏ ਕਿ ਭਾਜਪਾ ਨੇ 30 ਜਨਵਰੀ ਨੂੰ ਮੇਅਰ ਦੇ ਅਹੁਦੇ ਲਈ ਚੋਣ ਜਿੱਤੀ ਸੀ, ਜਿਸ ਨਾਲ 'ਆਪ' ਅਤੇ ਕਾਂਗਰਸ ਦੇ ਗਠਜੋੜ ਨੂੰ ਕਰਾਰਾ ਝਟਕਾ ਲੱਗਾ ਸੀ। ਰਿਟਰਨਿੰਗ ਅਫ਼ਸਰ ਅਨਿਲ ਮਸੀਹ 'ਤੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ।


ਜ਼ਿਕਰ ਕਰ ਦਈਏ ਕਿ 35 ਮੈਂਬਰੀ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਕੋਲ 14 ਅਤੇ ‘ਆਪ’ ਕੋਲ 13 ਕੌਂਸਲਰ ਸਨ। ‘ਆਪ’ ਦੇ ਤਿੰਨ ਕੌਂਸਲਰਾਂ ਦੇ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਕੋਲ 17 ਕੌਂਸਲਰ ਰਹਿ ਗਏ ਹਨ ਜਦੋਂਕਿ ਭਾਜਪਾ ਕੋਲ ਸੰਸਦ ਮੈਂਬਰਾਂ ਅਤੇ ਅਕਾਲੀ ਦਲ ਦੀਆਂ ਵੋਟਾਂ ਸਮੇਤ 19 ਕੌਂਸਲਰ ਰਹਿ ਗਏ ਹਨ। ਚੰਡੀਗੜ੍ਹ ਕਾਰਪੋਰੇਸ਼ਨ ਵਿੱਚ ਕੁੱਲ 35 ਕੌਂਸਲਰ ਹਨ, ਜਦੋਂ ਕਿ ਸੰਸਦ ਮੈਂਬਰ ਦੀ ਇੱਕ ਵੋਟ ਹੈ।