Chandigarh : ਚੰਡੀਗੜ੍ਹ ਹਾਊਸਿੰਗ ਬੋਰਡ ਨੇ ਛੋਟੇ ਫਲੈਟਾਂ ਦਾ ਸਰਵੇ ਕੀਤਾ ਹੈ। ਇਸ ਸਰਵੇ ਦੇ ਤਹਿਤ ਇਹ ਜਾਣਨਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਫਲੈਟ ਅਲਾਟ ਕੀਤੇ ਗਏ ਹਨ, ਉਹ ਉਨ੍ਹਾਂ 'ਚ ਰਹਿ ਰਹੇ ਹਨ ਜਾਂ ਕੋਈ ਹੋਰ ਰਹਿ ਰਿਹਾ ਹੈ। 18,138 ਛੋਟੇ ਫਲੈਟਾਂ ਦਾ ਦੋ ਵਾਰ ਸਰਵੇਖਣ ਕੀਤਾ ਗਿਆ। ਇਸ ਸਮੇਂ ਦੌਰਾਨ, ਲਗਭਗ 1,117 ਫਲੈਟਾਂ ਵਿੱਚ ਅਸਲ ਅਲਾਟੀ ਨਹੀਂ ਮਿਲੇ। ਹੁਣ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਅਜਿਹੇ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 22 ਫਲੈਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਲਾਟਮੈਂਟ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਜਾ ਰਹੇ ਹਨ।
CHB ਨੇ ਕਾਰਨ ਦੱਸੋ ਨੋਟਿਸ ਭੇਜਿਆ ਹੈ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸਰਵੇਖਣ ਤਹਿਤ ਤਸੱਲੀਬਖਸ਼ ਜਵਾਬ ਨਾ ਦੇਣ ਵਾਲੇ, ਅਤੇ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜੇ ਜਾ ਰਹੇ ਹਨ। ਸੀਐਚਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਦਾ ਕਹਿਣਾ ਹੈ ਕਿ ਜਿਨ੍ਹਾਂ ਫਲੈਟਾਂ ਦੇ ਅਸਲੀ ਅਲਾਟੀ ਨਹੀਂ ਪਾਏ ਗਏ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 22 ਫਲੈਟਾਂ ਦੀ ਅਲਾਟਮੈਂਟ ਰੱਦ ਕਰਨ ਦੇ ਨਾਲ-ਨਾਲ ਅਲਾਟੀਆਂ ਅਤੇ ਖਰੀਦਦਾਰਾਂ ਵਿਰੁੱਧ ਵੀ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਯਸ਼ਪਾਲ ਗਰਗ ਦਾ ਕਹਿਣਾ ਹੈ ਕਿ ਸਰਵੇ ਦੌਰਾਨ ਕਰੀਬ 636 ਫਲੈਟਾਂ ਨੂੰ ਤਾਲੇ ਲੱਗੇ ਪਾਏ ਗਏ। ਜਦੋਂ ਕਿ 168 ਵਿਅਕਤੀਆਂ ਨੇ ਸਰਵੇਖਣ ਅਮਲੇ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਜਿੰਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜੇ ਜਾ ਰਹੇ ਹਨ।
ਸਰਵੇਖਣ ਦੌਰਾਨ ਅਲਾਟਮੈਂਟ ਦੀ ਜਾਣਕਾਰੀ ਦਿੱਤੀ ਜਾਣੀ ਸੀ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸਮਾਲ ਫਲੈਟ ਅਤੇ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਅਲਾਟ ਕੀਤੇ ਫਲੈਟਾਂ ਦਾ ਸਰਵੇਖਣ ਕੀਤਾ ਸੀ। ਸਰਵੇਖਣ ਦੌਰਾਨ ਫਲੈਟ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਫਲੈਟ ਦਾ ਅਲਾਟਮੈਂਟ ਪੱਤਰ ਅਤੇ ਆਪਣਾ ਪਛਾਣ ਪੱਤਰ ਦਿਖਾਉਣਾ ਸੀ। ਜੇਕਰ ਅਲਾਟੀ ਉਸ ਸਮੇਂ ਫਲੈਟ ਵਿੱਚ ਮੌਜੂਦ ਨਹੀਂ ਸੀ, ਤਾਂ ਉਸ ਦੇ ਪਰਿਵਾਰਕ ਮੈਂਬਰ ਜੋ ਉੱਥੇ ਮੌਜੂਦ ਸਨ, ਦਸਤਾਵੇਜ਼ ਦਿਖਾ ਸਕਦੇ ਸਨ, ਪਰ ਉਸ ਨੂੰ ਅਲਾਟੀ ਨਾਲ ਆਪਣੇ ਸਬੰਧਾਂ ਦਾ ਸਬੂਤ ਵੀ ਦਿਖਾਉਣਾ ਪੈਂਦਾ ਸੀ। ਇਹ ਸ਼ਰਤਾਂ ਪੂਰੀਆਂ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬੋਰਡ ਅਜਿਹੇ ਲੋਕਾਂ ਦੀ ਫਲੈਟ ਅਲਾਟਮੈਂਟ ਨੂੰ ਵੀ ਰੱਦ ਕਰ ਸਕਦਾ ਹੈ, ਜਿਨ੍ਹਾਂ ਨੇ ਫਲੈਟ ਅੱਗੇ ਵੇਚ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਵੀ ਪੁਲਿਸ ਕਾਰਵਾਈ ਕੀਤੀ ਜਾਵੇਗੀ