Chandigarh News: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ 33 ਸਥਿਤ ਟੈਰੇਸਡ ਗਾਰਡਨ ’ਚ 35ਵੇਂ ਗੁਲਦਾਉਦੀ ਸ਼ੋਅ ਦਾ ਅੱਜ ਆਖਰੀ ਦਿਨ ਹੈ। ਅੱਜ ਐਤਵਾਰ ਦੀ ਛੁੱਟੀ ਹੋਣ ਕਰਕੇ ਸਵੇਰ ਤੋਂ ਹੀ ਲੋਕਾਂ ਪਹੁੰਚ ਰਹੇ ਹਨ। ਤਿੰਨ ਦਿਨਾਂ ਗੁਲਦਾਉਦੀ ਸ਼ੋਅ ਅੱਜ ਸ਼ਾਮ ਸਮਾਪਤ ਹੋ ਜਾਵੇਗਾ। ਇਸ ਮੌਕੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਜੇਤੂਆਂ ਤੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੂੰ ਸਨਮਾਨਿਤ ਕਰਨਗੇ।



ਸ਼ਨੀਵਾਰ ਨੂੰ ਗੁਲਦਾਉਦੀ ਸ਼ੋਅ ਦੇ ਦੂਜੇ ਦਿਨ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਸ਼ੋਅ ਦਾ ਆਨੰਦ ਮਾਣਿਆ। ਕਿਡਜ਼ ਜ਼ੋਨ ਵਿੱਚ ਬੱਚਿਆਂ ਨੇ ਮਿੱਟੀ ਦੇ ਘੜੇ ਬਣਾਉਣ ਤੇ ਪੇਂਟਿੰਗ ਦੀ ਕਲਾ ਸਿੱਖੀ। ਕਿਡਜ਼ ਜ਼ੋਨ ਦੀ ਸਭ ਤੋਂ ਆਕਰਸ਼ਕ ਖੇਡ ‘ਸਵੱਛਤਾ ਕੀ ਸਾਂਝ ਸਿੱਧੀ’ ਸੀ, ਜਿਸ ਨੂੰ ਨਾ ਸਿਰਫ਼ ਬੱਚਿਆਂ ਨੇ ਬਲਕਿ ਬਜ਼ੁਰਗਾਂ ਨੇ ਵੀ ਖੇਡਿਆ। 


ਲੋਕਾਂ ਨੇ ਫੂਡ ਕਾਰਨਰ ’ਤੇ ਚਾਟ ਪਾਪੜੀ, ਭੇਲ ਪੁਰੀ, ਲਿੱਟੀ ਚੋਕਾ, ਦਾਲ ਭਾਟੀ ਚੂਰਮਾ, ਰਾਜਸਥਾਨੀ ਭੋਜਨ, ਕਸ਼ਮੀਰੀ ਕਾਹਵਾ ਤੇ ਤੰਦੂਰੀ ਕੁੱਲੜ ਚਾਹ ਸਮੇਤ ਖਾਣ-ਪੀਣ ਦੀਆਂ ਵਸਤਾਂ ਦਾ ਸਵਾਦ ਚੱਖਿਆ। ਇਸ ਤੋਂ ਬਾਅਦ ਸ਼ਾਮ ਸਮੇਂ ਰੁਦਰਾਕਸ਼ ਬੈਂਡ ਨੇ ਲਾਈਵ ਬੈਂਡ ਸ਼ੋਅ ਪੇਸ਼ ਕੀਤਾ। ਉਨ੍ਹਾਂ ਸ਼ੋਅ ਨੂੰ ਚਾਰ ਚੰਨ ਲਗਾ ਦਿੱਤੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।



ਉਧਰ, ਮੁਹਾਲੀ ਦੇ ਜਤਿੰਦਰਵੀਰ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿੱਚ ਸ਼ਨੀਵਾਰ ਨੂੰ ਦੋ ਰੋਜ਼ਾ ਪਲੇਠਾ ‘ਗੁਲਦਾਉਦੀ ਸ਼ੋਅ-2022’ ਸ਼ੁਰੂ ਹੋਇਆ। ਸਰਵਹਿੱਤਕਾਰੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਕਰਵਾਏ ਫੁੱਲਾਂ ਦੇ ਇਸ ਮੇਲੇ ਵਿੱਚ ਪਹਿਲੇ ਦਿਨ ਵਾਤਾਵਰਨ ਪ੍ਰੇਮੀਆਂ, ਕਿਸਾਨਾਂ ਤੇ ਸ਼ਹਿਰ ਵਾਸੀਆਂ ਦੀ ਭੀੜ ਉਮੜੀ। ਇਸ ਮੌਕੇ ਵਾਤਾਵਰਨ ਵਿਸ਼ੇ ’ਤੇ ਚਿੱਤਰਕਾਰੀ ਤੇ ਗੁਲਦਾਉਦੀ ਸ਼ੋਅ ਬਾਰੇ ਵਿਦਿਆਰਥੀਆਂ ਦੇ ਕੁਇਜ਼ ਕਰਵਾਏ ਗਏ। 



ਵਾਤਾਵਰਨ ਪ੍ਰੇਮੀ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਗੁਲਦਾਉਦੀ ਦੀਆਂ 130 ਕਿਸਮਾਂ ਦੇ 800 ਗਮਲਿਆਂ ਦੇ ਸੁੰਦਰ 30 ਗੋਲਆਕਾਰ ਬਲਾਕ ਬਣਾ ਕੇ ਸਜਾਏ ਗਏ ਜਦੋਂਕਿ 100 ਤੋਂ ਵੱਧ ਜੜ੍ਹੀ-ਬੂਟੀਆਂ ਦੇ ਹਰਬਲ ਗਾਰਡਨ ਦੀ ਪ੍ਰਦਰਸ਼ਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।