Chandigarh News: ਨਵੇਂ ਸਾਲ ਦੀ ਆਮਦ ਮੌਕੇ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਅਲਰਟ ਨਜ਼ਰ ਆਈ। ਪੁਲਿਸ ਨੇ ਜਿੱਥੇ ਨਾਕੇਬੰਦੀ ਕਰਕੇ ਖੂਬ ਚਲਾਨ ਕੀਤੇ, ਉੱਥੇ ਹੀ ਲੋਕਾਂ ਨੇ ਵੀ ਪੁਲਿਸ ਕੋਲ ਰਿਕਾਰਡ ਸ਼ਿਕਾਇਤਾਂ ਕੀਤੀਆਂ। ਹਾਸਲ ਜਾਣਕਾਰੀ ਮੁਤਾਬਕ ਪੁਲਿਸ ਕੰਟਰੋਲ ਰੂਮ ’ਚ 194 ਸ਼ਿਕਾਇਤਾਂ ਪੁੱਜੀਆਂ ਤੇ ਪੁਲਿਸ ਨੇ ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ’ਤੇ 1317 ਵਿਅਕਤੀਆਂ ਦੇ ਚਲਾਨ ਕੀਤੇ।
ਦੱਸ ਦਈਏ ਕਿ ਸ਼ਹਿਰ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਾਰ ਰੱਖਣ ਲਈ 1952 ਪੁਲਿਸ ਮੁਲਜ਼ਮਾਂ ਨੇ 52 ਥਾਵਾਂ ’ਤੇ ਨਾਕੇ ਲਾਏ ਹੋਏ ਸਨ। ਇਸ ਦੇ ਬਾਵਜੂਦ 31 ਦਸੰਬਰ ਦੀ ਰਾਤ ਨੂੰ ਕੰਟਰੋਲ ਰੂਮ ’ਚ 194 ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਦਾ ਪੁਲਿਸ ਨੇ ਤੁਰੰਤ ਨਿਬੇੜਾ ਕੀਤਾ। ਨਵੇਂ ਵਰ੍ਹੇ ਦੇ ਆਗਾਜ਼ ਮੌਕੇ 43 ਥਾਵਾਂ ’ਤੇ ਝਗੜੇ ਤੇ 28 ਸੜਕ ਹਾਦਸੇ ਹੋਏ। ਇਸ ਦੇ ਨਾਲ ਹੀ ਆਵਾਜਾਈ ਨੇਮਾਂ ਦੀ ਉਲੰਘਣਾ ਕਰਨ ’ਤੇ 1317 ਵਿਅਕਤੀਆਂ ਦੇ ਚਲਾਨ ਤੇ 35 ਵਾਹਨ ਜ਼ਬਤ ਕੀਤੇ ਗਏ।
ਪੁਲਿਸ ਨੇ ਸ਼ਹਿਰ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸੈਕਟਰ-7, 8, 9, 10, 17, 22, 26 ਤੇ 18 ਸਣੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ 43 ਤੇ ਬਾਹਰੀ ਸੜਕਾਂ ’ਤੇ 9 ਨਾਕੇ ਲਗਾਏ। ਇਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ 1317 ਚਲਾਨ ਕੱਟੇ ਗਏ। ਇਸ ਵਿੱਚ ਗਲਤ ਥਾਂ ’ਤੇ ਵਾਹਨ ਖੜ੍ਹਾਉਣ ਸਬੰਧੀ 123 ਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 1134 ਜਣਿਆਂ ਦੇ ਚਲਾਨ ਕੀਤੇ ਗਏ ਹਨ।
ਪੁਲਿਸ ਨੇ ਸ਼ਰਾਬ ਪੀ ਵਾਹਨ ਚਲਾਉਣ ਵਾਲਿਆਂ ਖ਼ਿਲਾਫ ਕਾਰਾਵਾਈ 60 ਜਣਿਆਂ ਦੇ ਚਲਾਨ ਕਰਕੇ 35 ਵਾਹਨਾਂ ਨੂੰ ਜ਼ਬਤ ਕੀਤਾ ਗਿਆ। ਪੁਲਿਸ ਨੇ ਸ਼ਹਿਰ ਵਿੱਚ ਗਲਤ ਢੰਗ ਨਾਲ ਵਾਹਨ ਖੜ੍ਹੇ ਕਰਨ ਸਬੰਧੀ 146 ਤੇ ਹੋਰ 1224 ਜਣਿਆਂ ਦੇ ਚਲਾਨ ਕੀਤੇ। 31 ਦਸੰਬਰ ਦੀ ਰਾਤ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੜਕ ਹਾਦਸੇ ਤੇ ਲੜਾਈ ਝਗੜੇ ਹੋਣ ਦੀਆਂ ਘਟਨਾਵਾਂ ਵਾਪਰੀਆਂ। ਸ਼ਹਿਰ ਵਿੱਚ 28 ਥਾਵਾਂ ’ਤੇ ਸੜਕ ਹਾਦਸੇ ਤੇ 43 ਥਾਵਾਂ ’ਤੇ ਝਗੜੇ ਹੋਣ ਸਬੰਧੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਵਿੱਚ ਪਹੁੰਚੀ।
ਇਸ ਤੋਂ ਇਲਾਵਾ ਪੁਲਿਸ ਨੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਉਣ ਸਬੰਧੀ ਵੀ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਚੰਡੀਗੜ੍ਹ ਪੁਲਿਸ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 8 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ। ਇਹ ਕਾਰਵਾਈ ਸੰਰਾਗਪੁਰ, ਸੈਕਟਰ-36 ਤੇ ਮਲੋਆ ਦੀ ਪੁਲਿਸ ਨੇ ਕੀਤੀ ਹੈ। ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਸਬੰਧੀ 8 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ।