Chandigarh News: ਸਿਹਤ ਵਿਭਾਗ ਚੰਡੀਗੜ੍ਹ ਤੇ ਕੇਂਦਰ ਸਰਕਾਰ ਵਿੱਚ ਕੰਮ ਕਰਦੇ ਸਾਰੇ ਡਾਕਟਰ ਹੁਣ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਜਾਰੀ ਜੈਨਰਿਕ ਮੈਡੀਸ਼ਨ ਪ੍ਰਿਸਕ੍ਰਿਪਸ਼ਨ ਗਾਈਡਲਾਈਨ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਿਰਫ ਜੈਨਰਿਕ ਦਵਾਈਆਂ ਹੀ ਲਿਖਣਗੇ। ਜੇਕਰ ਬ੍ਰਾਂਡੇਡ ਦਵਾਈ ਲਿਖਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਡਾਕਟਰ ਨੂੰ ਇੱਕ ਰਜਿਸਟਰ ਰੱਖਣਾ ਪਵੇਗਾ, ਜਿਸ ਵਿੱਚ ਤਰਕ ਲਿਖਣਾ ਪਵੇਗਾ। ਇਸ ਰਜਿਸਟਰ ਦੀ ਚੈਕਿੰਗ ਵੀ ਹੋਵੇਗੀ।



ਇਸ ਸਬੰਧੀ ਚੰਡੀਗੜ੍ਹ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ ਵੱਲੋਂ 12 ਮਈ ਨੂੰ ਚੰਡੀਗੜ੍ਹ ਸਿਹਤ ਵਿਭਾਗ ਤੇ ਕੇਂਦਰ ਸਰਕਾਰ ਦੇ ਹਸਪਤਾਲ ਵਿੱਚ ਕੰਮ ਕਰਦੇ ਸਾਰੇ ਡਾਕਟਰਾਂ ਨੂੰ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮਰੀਜ਼ਾਂ ਨੂੰ ਸਸਤੀਆਂ ਤੇ ਵਧੀਆ ਦਵਾਈਆਂ ਦਾ ਲਾਭ ਮਿਲੇ। ਇਸ ਲਈ ਉਨ੍ਹਾਂ ਨੂੰ ਜੈਨਰਿਕ ਦਵਾਈਆਂ ਹੀ ਲਿਖਣੀਆਂ ਹੋਣਗੀਆਂ। ਅਜਿਹਾ ਨਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਹਸਪਤਾਲ ਵਿੱਚ ਡਾਕਟਰਾਂ ਕੋਲ ਆਉਣ ਵਾਲੇ ਐਮਆਰਜ਼ ਦੀ ਐਂਟਰੀ ’ਤੇ ਵੀ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਜੇਕਰ ਕਿਸੇ ਨਵੀਂ ਦਵਾਈ ਲਈ ਐਮਆਰਜ਼ ਨੇ ਡਾਕਟਰ ਨੂੰ ਕੁੱਝ ਦੱਸਣਾ ਹੈ ਤਾਂ ਉਹ ਉਹਨਾਂ ਨੂੰ ਈਮੇਲ ਰਾਹੀਂ ਦੱਸ ਸਕਣਗੇ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ 25 ਮਈ ਤੇ 12 ਜੂਨ ਨੂੰ ਨੋਟਿਸ ਜਾਰੀ ਕਰਕੇ ਪੀਜੀਆਈ ਦੇ ਸਾਰੇ ਡਾਕਟਰਾਂ ਨੂੰ ਜੈਨਰਿਕ ਦਵਾਈਆਂ ਲਿਖਣ ਦੇ ਹੁਕਮ ਵੀ ਜਾਰੀ ਕੀਤੇ ਹਨ।  ਸਿਹਤ ਸਕੱਤਰ ਵੱਲੋਂ ਜਾਰੀ ਇਸ ਨੋਟਿਸ ਵਿੱਚ ਜੀਐਮਸੀਐਚ-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਜਸਬਿੰਦਰ ਕੌਰ ਅਤੇ ਡੀਐਚਐਸ ਡਾ. ਸੁਮਨ ਸਿੰਘ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਦੱਸ ਦੇਈਏ ਕਿ 15 ਜੂਨ ਨੂੰ ਦੈਨਿਕ ਭਾਸਕਰ ਨੇ GMSH-16 ਦੇ ਡਾਕਟਰ ਕੋਡ ਵਰਡ 'ਚ ਦਵਾਈਆਂ ਲਿਖਣ ਦਾ ਮਾਮਲਾ ਉਠਾਇਆ ਸੀ। ਇਸ ਵਿੱਚ ਆਰਥੋ ਦੇ ਡਾਕਟਰ ਨੇ ਅਜਿਹੀ ਲਿਖਤ ਵਿੱਚ ਦਵਾਈ ਲਿਖੀ ਸੀ, ਜਿਸ ਨੂੰ ਕੋਈ ਪੜ੍ਹ ਨਹੀਂ ਸਕਿਆ ਸੀ। ਹੁਣ ਇਸ ਮਾਮਲੇ ਵਿੱਚ ਸਕੱਤਰ ਸਿਹਤ ਯਸ਼ਪਾਲ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਡਾਇਰੈਕਟਰ ਸਿਹਤ ਸੇਵਾਵਾਂ ਡਾ: ਸੁਮਨ ਸਿੰਘ ਤੋਂ ਰਿਪੋਰਟ ਮੰਗੀ ਹੈ। ਰਿਪੋਰਟ ਆਉਣ ਤੋਂ ਬਾਅਦ ਸਬੰਧਤ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।