Punjab News:ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਸੌਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀ ਯੂਨੀਅਨ ਮੋਹਾਲੀ ਅਤੇ ਪੰਜਾਬ ਸਟੇਟ ਕੋ-ਆਪਰੇਟਿਵ, ਬੋਰਡ, ਕਾਰਪੋਰੇਸ਼ਨਸ, ਇੰਪਲਾਈਜ਼/ ਵਰਕਰਜ਼ ਮਹਾਸੰਘ ਦੇ ਮੈਂਬਰ ਨੇ ਮੁਲਾਕਾਤ ਕੀਤੀ। ਇਸ ਮੌਕੇ ਯੂਨੀਯਨ ਦੇ ਮੈਂਬਰਾਂ ਨੇ ਹਰਚੰਦ ਸਿੰਘ ਬਰਸਟ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰ ਸੌਂਪਦੀਆਂ ਆਪਣੀਆਂ ਮੰਗਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀ ਯੂਨੀਅਨ ਮੋਹਾਲੀ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ 2022 ਨੂੰ 8736 ਕੱਚੇ ਅਧਿਆਪਕਾਂ ਦੇ ਨਾਲ ਬੋਰਡ ਦੇ 525 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਇੱਕ ਪਾਲਿਸੀ ਜਾਰੀ ਕੀਤੀ ਗਈ ਸੀ, ਜਿਸ ਨੂੰ ਬੋਰਡ ਦਫ਼ਤਰ ਵਿੱਚ ਅਡਾਪਟ ਕਰਨ ਤੋਂ ਬਾਅਦ ਬੋਰਡ ਦੇ 525 ਮੁਲਾਜ਼ਮਾਂ ਦੇ ਫਾਰਮ ਭਰਾਏ ਗਏ ਸਨ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ 7 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ, ਜਿਨ੍ਹਾਂ ਵੱਲੋਂ ਇਹ ਸਾਰੇ ਕੰਮ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜਣੀ ਸੀ, ਪਰ ਅੱਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੂਨੀਅਨ ਮੈਂਬਰਾਂ ਨੇ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ, ਪਰ ਕੋਈ ਹੱਲ ਨਹੀਂ ਹੋਇਆ।
ਇਸ ਮੌਕੇ ਪੰਜਾਬ ਸਟੇਟ ਕੋ-ਆਪਰੇਟਿਵ, ਬੋਰਡ, ਕਾਰਪੋਰੇਸ਼ਨਸ, ਇੰਪਲਾਈਜ਼/ ਵਰਕਰਜ਼ ਮਹਾਸੰਘ ਦੇ ਮੈਂਬਰ ਨੇ ਭ੍ਰਿਸ਼ਟ ਅਫਸਰਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਿਗਮ ਦੇ ਇੱਕ ਭ੍ਰਿਸ਼ਟ ਅਫਸਰ ਉੱਤੇ ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋਈ, ਜਦਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜੀਰੋਂ ਟੋਲਰੈਂਸ ਦੀ ਐਲਾਨੀਆਂ ਨੀਤੀ ਹੈ। ਪਰ ਹਕੀਕਤ ਵਿੱਚ ਜਿਹਨਾਂ ਅਧਿਕਾਰੀਆਂ ਨੇ ਇਹ ਨੀਤੀ ਲਾਗੂ ਕਰਨੀ ਹੈ, ਉਹਨਾਂ ਤੇ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਬਰਸਟ ਤੋਂ ਮੰਗ ਕੀਤੀ ਕਿ ਇਹਨਾਂ ਭ੍ਰਿਸ਼ਟ ਅਫਸਰਾਂ ਦੇ ਖਿਲਾਫ਼ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ।
ਹਰਚੰਦ ਸਿੰਘ ਬਰਸਟ ਨੇ ਯੂਨੀਅਨ ਦੇ ਮੈਂਬਰਾਂ ਨੂੰ ਭਰੋਸਾ ਦਵਾਈਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾ ਮੁੱਖ ਮੰਤਰੀ ਦੇ ਅੱਗੇ ਰੱਖ ਕੇ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਮੁਲਾਜ਼ਮਾਂ ਨਾਲ ਖੜੀ ਹੈ ਅਤੇ ਭਵਿੱਖ ਵਿੱਚ ਵੀ ਮੁਲਾਜ਼ਮਾਂ ਦੀ ਬਿਹਤਰੀ ਵਾਸਤੇ ਕਾਰਜ ਕਰਦੀ ਰਹੇਗੀ।