Ludhiana News: ਲੁਧਿਆਣਾ ਦੀਆਂ ਰੇਲਵੇ ਲਾਈਨਾਂ ਲਹੂ ਪੀਣੀਆਂ ਬਣ ਗਈਆਂ ਹਨ। ਪਿਛਲੇ ਦੋ ਮਹੀਨਿਆਂ ਅੰਦਰ ਹੀ ਤਿੰਨ ਦਰਜ ਤੋਂ ਵੱਧ ਲੋਕ ਰੇਲਵੇ ਲਾਈਨਾਂ ਉੱਪਰ ਆਪਣੀ ਜਾਨ ਗਵਾ ਚੁੱਕੇ ਹਨ। ਇਹ ਅੰਕੜੇ ਹੋਸ਼ ਉਡਾ ਦੇਣ ਵਾਲੇ ਹਨ। ਸਾਲ 2022 ’ਚ ਰੇਲਵੇ ਲਾਈਨਾਂ ਉੱਪਰ 334 ਲੋਕਾਂ ਦੀ ਰੇਲ ਹਾਦਸਿਆਂ ਵਿੱਚ ਮੌਤ ਹੋਈ ਸੀ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਰੇਲਵੇ ਸਟੇਸ਼ਨ ਤੇ ਆਸਪਾਸ ਦੀਆਂ ਰੇਲਵੇ ਲਾਈਨਾਂ ’ਤੇ ਰੋਜ਼ਾਨਾ ਕਿਸੇ ਨਾ ਕਿਸੇ ਦੀ ਮੌਤ ਹੋ ਰਹੀ ਹੈ। ਹਾਲਾਂਕਿ, ਰੇਲਵੇ ਸੁਰੱਖਿਆ ਵਿਭਾਗ ਲਗਾਤਾਰ ਲੋਕਾਂ ਨੂੰ ਰੇਲਵੇ ਲਾਈਨਾਂ ਗ਼ਲਤ ਢੰਗ ਨਾਲ ਪਾਰ ਨਾ ਕਰਨ ਲਈ ਜਾਗਰੂਕ ਕਰਨ ਹਿੱਤ ਮੁਹਿੰਮ ਚਲਾਉਣ ਦੀ ਕਾਗਜ਼ੀ ਦੁਹਾਈ ਪਾ ਰਿਹਾ ਹੈ, ਪਰ ਜ਼ਮੀਨੀ ਪੱਧਰ ’ਤੇ ਹਕੀਕਤ ਕੁਝ ਹੋਰ ਹੀ ਹੈ।
ਇੱਥੇ ਰੋਜ਼ਾਨਾ ਲੋਕ ਗਲਤ ਤਰੀਕੇ ਨਾਲ ਰੇਲਵੇ ਲਾਈਨਾਂ ਪਾਰ ਕਰਦੇ ਹਨ ਤੇ ਚੱਲਦੀ ਰੇਲਗੱਡੀ ’ਚ ਚੜ੍ਹਦੇ ਤੇ ਉਤਰਦੇ ਹਨ ਜਿਸ ਕਾਰਨ ਕਈ ਹਾਦਸਿਆਂ ਦਾ ਸ਼ਿਕਾਰ ਬਣ ਰਹੇ ਹਨ। ਲੁਧਿਆਣਾ ਸ਼ਹਿਰ ’ਚ 2022 ’ਚ 334 ਲੋਕਾਂ ਦੀ ਰੇਲ ਹਾਦਸਿਆਂ ਵਿੱਚ ਮੌਤ ਹੋ ਚੁੱਕੀ ਹੈ। ਉੱਧਰ, 2023 ’ਚ ਪਿਛਲੇ ਦੋ ਮਹੀਨਿਆਂ ’ਚ 40 ਲੋਕ ਰੇਲਵੇ ਲਾਈਨਾਂ ’ਤੇ ਦਮ ਤੋੜ ਚੁੱਕੇ ਹਨ।
ਪਿਛਲੇ ਹਫ਼ਤੇ ਹੀ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਹੇਠਾਂ ਆਉਣ ਨਾਲ ਦੋ ਔਰਤਾਂ ਦੀ ਮੌਤ ਹੋ ਚੁੱਕੀ ਹੈ। ਇਸ ਸਟੇਸ਼ਨ ’ਤੇ ਰੋਜ਼ਾਨਾ 70 ਹਜ਼ਾਰ ਦੇ ਕਰੀਬ ਯਾਤਰੀ ਆਉਂਦੇ ਹਨ। ਉੱਧਰ, ਤਿਉਹਾਰੀ ਸੀਜ਼ਨ ’ਚ ਇਸ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਇਕ ਲੱਖ ਤੋਂ ਪਾਰ ਕਰ ਜਾਂਦੀ ਹੈ।
ਦਰਅਸਲ ਲੁਧਿਆਣਾ ਰੇਵਲੇ ਸਟੇਸ਼ਨ ’ਤੇ ਹਰ 10 ਮਿੰਟ ਬਾਅਦ ਰੇਲ ਗੱਡੀ ਆਉਂਦੀ ਹੈ ਤੇ ਗੱਡੀ ਆਉਂਦੇ ਹੀ ਭਾਜੜਾਂ ਪੈ ਜਾਂਦੀਆਂ ਹਨ ਤੇ ਯਾਤਰੀ ਚੱਲਦੀ ਰੇਲ ਗੱਡੀ ’ਚ ਚੜ੍ਹਨ ਲਈ ਸਟੇਸ਼ਨ ਤੋਂ ਥੱਲੇ ਉਤਰ ਕੇ ਲਾਈਨ ਪਾਰ ਕਰਨ ਤੋਂ ਵੀ ਕੋਈ ਗੁਰੇਜ਼ ਨਹੀਂ ਕਰਦੇ।
ਰੇਲ ਯਾਤਰੀ ਸ਼ਰੇਆਮ ਰੇਲਵੇ ਲਾਈਨਾਂ ਪਾਰ ਕਰਦੇ ਨਜ਼ਰ ਆਉਂਦੇ ਹਨ ਤੇ ਇਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਇੱਥੇ ਰੇਲਵੇ ਸੁਰੱਖਿਆ ਫੋਰਸ ਸਮੇਤ ਰੇਲਵੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਬਾਹਰ ਹੀ ਸਟੇਸ਼ਨ ’ਤੇ ਸੈਂਕੜਿਆਂ ਦੀ ਗਿਣਤੀ ’ਚ ਯਾਤਰੀ ਸ਼ਰੇਆਮ ਗਲਤ ਢੰਗ ਨਾਲ ਲਾਈਨਾਂ ਪਾਰ ਕਰਦੇ ਦਿਖਾਈ ਦਿੰਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦਾ ਢੰਡਾਰੀ ਰੇਲਵੇ ਸਟੇਸ਼ਨ ਅਜਿਹਾ ਸਟੇਸ਼ਨ ਹੈ, ਜਿੱਥੇ ਸਭ ਤੋਂ ਜ਼ਿਆਦਾ 101 ਵਿਅਕਤੀਆਂ ਦੀ ਮੌਤ ਰੇਲ ਹਾਦਸਿਆਂ ’ਚ ਹੋ ਚੁੱਕੀ ਹੈ। 50 ਫੀਸਦੀ ਤੋਂ ਜ਼ਿਆਦਾ ਹਾਦਸਿਆਂ ’ਚ ਮਰਨ ਵਾਲੇ ਵਿਅਕਤੀ ਨਸ਼ੇ ਦੀ ਹਾਲਤ ’ਚ ਹੁੰਦੇ ਹਨ ਜਦੋਂ ਕਿ ਕੁਝ ਲੋਕ ਰੇਲਵੇ ਲਾਈਨ ਪਾਰ ਕਰਦੇ ਸਮੇਂ ਹੈੱਡਫੋਨ ਆਦਿ ਦੀ ਵਰਤੋਂ ਕਰ ਰਹੇ ਹੁੰਦੇ ਹਨ।