Jalandhar News: ਕਪੂਰਥਲਾ ਦੇ ਕਸਬਾ ਫਗਵਾੜਾ 'ਚ ਪਤੀ-ਪਤਨੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਕਰਨ ਵਾਲੇ 8 ਤੋਂ 10 ਵਿਅਕਤੀ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਬਾਣੇ (ਪਹਿਰਾਵੇ) ਵਿੱਚ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।


ਇਹ ਘਟਨਾ ਫਗਵਾੜਾ ਦੇ ਖੋਤੜਾ ਰੋਡ 'ਤੇ ਪਰਮ ਨਗਰ ਦੀ ਹੈ। ਅਗਵਾ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪਤੀ-ਪਤਨੀ ਦੀ ਪਛਾਣ ਸੋਨੂੰ ਅਤੇ ਜੋਤੀ ਵਜੋਂ ਹੋਈ ਹੈ। ਅਗਵਾਕਾਰ ਦੋ ਗੱਡੀਆਂ, ਇੱਕ ਪਿਕਅੱਪ ਜੀਪ ਅਤੇ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਮੁਲਜ਼ਮਾਂ ਨੇ ਘਰ ਦੀ ਭੰਨਤੋੜ ਵੀ ਕੀਤੀ। ਅਗਵਾ ਕਰਨ ਤੋਂ ਪਹਿਲਾਂ ਜੋੜੇ ਦੀ ਕੁੱਟਮਾਰ ਵੀ ਕੀਤੀ ਗਈ ਸੀ।


ਜ਼ਿਕਰ ਕਰ ਦਈਏ ਕਿ ਪਤੀ-ਪਤਨੀ ਦੀ ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਧਰ, ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਵਿੱਚ ਜੁੱਟ ਗਏ। ਸ਼ਹਿਰ ਵਿੱਚ ਦਿਨ ਦਿਹਾੜੇ ਵਾਪਰੀ ਅਗਵਾ ਦੀ ਇਸ ਘਟਨਾ ਕਾਰਨ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।


ਕੋਠੀ ਦੀ ਦੇਖ-ਰੇਖ ਕਰ ਰਹੇ ਸੇਵਾਦਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੋਠੀ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਚੋਰ ਕੋਠੀ 'ਚੋਂ ਕਾਫੀ ਸਾਮਾਨ ਚੋਰੀ ਕਰਕੇ ਲੈ ਗਏ ਸਨ। ਜਦੋਂ ਇਸ ਦੀ ਸੀਸੀਟੀਵੀ ਦੀ ਤਲਾਸ਼ੀ ਲਈ ਗਈ ਤਾਂ ਚੋਰਾਂ ਦੀ ਪਛਾਣ ਵੀ ਹੋ ਗਈ। ਸੋਨੂੰ ਅਤੇ ਜੋਤੀ ਨੂੰ ਅਗਵਾ ਕਰਨ ਵਾਲੇ ਉਹੀ ਲੋਕ ਸਨ ਜਿਨ੍ਹਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ।


ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਕੋਠੀ ਵਿੱਚ ਤਿੰਨ ਸੁਰੱਖਿਆ ਗਾਰਡ ਵੀ ਰੱਖੇ ਗਏ ਸਨ ਪਰ ਘਟਨਾ ਸਮੇਂ ਤਿੰਨੋਂ ਸੁਰੱਖਿਆ ਗਾਰਡ ਮੌਜੂਦ ਨਹੀਂ ਸਨ। ਫਿਲਹਾਲ ਪੁਲਿਸ ਨੇ ਸੁਰੱਖਿਆ ਗਾਰਡ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।