Jalandhar News : ਜਲੰਧਰ ਦੇ ਪਿੰਡ ਬੀਟਲਾਂ ਵਿੱਚ ਸੋਮਵਾਰ ਰਾਤ ਨੂੰ ਪਤੀ ਨੇ ਸਹੁਰੇ ਘਰ 'ਚ ਆਪਣੇ ਸਹੁਰੇ, ਸੱਸ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਵੀ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਲਾਸ਼ ਸਤਲੁਜ ਦਰਿਆ ਨੇੜੇ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

 

 ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਕਤ ਵਿਅਕਤੀ ਆਪਣੇ ਸਹੁਰੇ ਘਰ ਗਿਆ ਤਾਂ ਉਸ ਦੀ ਪਤਨੀ ਪਰਮਜੀਤ ਕੌਰ (28), ਪੁੱਤਰ ਗੁਰਮੋਹਲ (5), ਪੁੱਤਰੀ ਅਰਸ਼ਦੀਪ ਕੌਰ (7), ਸੱਸ ਜੋਗਿੰਦਰੋ ਬਾਈ ਅਤੇ ਉਸ ਦਾ ਸਹੁਰਾ ਸੁਰਜਨ ਸਿੰਘ (58) ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਉਸ ਨੇ ਪੈਟਰੋਲ ਪਾ ਕੇ ਕਮਰੇ ਨੂੰ ਅੱਗ ਲਾ ਦਿੱਤੀ ਅਤੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਕੇ ਫ਼ਰਾਰ ਹੋ ਗਿਆ।

 

 ਦਰਅਸਲ 'ਚ ਬੇਟ ਇਲਾਕੇ ਦੇ ਪਿੰਡ ਖੁਰਸ਼ੈਦਪੁਰਾ ਵਾਸੀ ਕਾਲੀ ਸਿੰਘ ਦਾ ਲੁਧਿਆਣਾ-ਜਲੰਧਰ ਜ਼ਿਲ੍ਹਿਆਂ ਦੀ ਹੱਦ ‘ਤੇ ਵਸੇ ਪਿੰਡ ਬੀਟਲਾਂ ਵਾਸੀ ਸੁਰਜਨ ਸਿੰਘ ਦੀ ਧੀ ਪਰਮਜੀਤ ਕੌਰ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਦੋ ਬੱਚਿਆਂ ਪੁੱਤ ਅਤੇ ਧੀ ਨੇ ਜਨਮ ਲਿਆ। ਵਿਆਹ ਤੋਂ ਬਾਅਦ ਦੋਵਾਂ ਵਿੱਚ ਘਰੇਲੂ ਕਲੇਸ਼ ਰਹਿਣ ਲੱਗ ਪਿਆ। ਕੁਝ ਦਿਨ ਪਹਿਲਾਂ ਹੀ ਪਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਪਿੰਡ ਬੀਟਲਾ ਆ ਗਈ ਸੀ।


 

ਇਸ ਮਗਰੋਂ ਸੋਮਵਾਰ ਰਾਤ ਨੂੰ ਉਸ ਦਾ ਪਤੀ ਕਾਲੀ ਸਿੰਘ ਵੀ ਬੀਟਲਾ ਪਹੁੰਚ ਗਿਆ।  ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਕਾਲੀ ਸਿੰਘ ਨੇ ਉਸ ਕਮਰੇ 'ਚ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਪਰਮਜੀਤ ਕੌਰ ਨੇ ਮਰਨ ਤੋਂ ਪਹਿਲਾਂ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਕਿ ਅੱਗ ਉਸ ਦੇ ਪਤੀ ਨੇ ਲਗਾਈ ਹੈ। ਇਸ ਹਾਦਸੇ 'ਚ ਪਰਿਵਾਰ ਦੇ ਪੰਜੇ ਜੀਅ ਸੜ ਕੇ ਸਵਾਹ ਹੋ ਗਏ।