Jalandhar News: ਜਲੰਧਰ 'ਚ ਹੁਣ ਪੁਲਿਸ ਤੇ ਨਗਰ ਨਿਗਮ ਆਹਮੋ-ਸਾਹਮਣੇ ਹੋ ਗਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਰੇਹੜੀ-ਫੜ੍ਹੀ ਵਾਲਿਆਂ 'ਤੇ ਸਟਿੰਗ ਕੀਤਾ ਗਿਆ ਹੈ। ਇਨ੍ਹਾਂ ਦੀ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਰੇਹੜੀ-ਫੜ੍ਹੀ ਵਾਲੇ ਕਹਿ ਰਹੇ ਹਨ ਕਿ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਤੋਂ ਪੈਸੇ ਲੈਂਦੇ ਹਨ।
ਇਹ ਵੀਡੀਓ ਜਲੰਧਰ ਪੁਲਿਸ ਨੇ ਬਣਾਈ ਹੈ ਤੇ ਨਗਰ ਨਿਗਮ ਨੂੰ ਸੌਂਪੀ ਜਾਵੇਗੀ। ਕੱਲ੍ਹ ਹੋਈ ਮੀਟਿੰਗ ਵਿੱਚ ਸਾਰੇ ਰੇਹੜੀ-ਫੜ੍ਹੀ ਵਾਲਿਆਂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਤੋਂ ਪੈਸੇ ਲੈਂਦੇ ਹਨ। ਇਸ ਤੋਂ ਬਾਅਦ ਹੀ ਉਹ ਸੜਕ ਕਿਨਾਰੇ ਰੇਹੜੀ-ਫੜ੍ਹੀ ਲਾਉਂਦੇ ਹਨ।
ਜਲੰਧਰ ਪੁਲਿਸ ਵੱਲੋਂ ਕੀਤੇ ਗਏ ਸਟਿੰਗ ਵਿੱਚ ਹਰਿੰਦਰ ਯਾਦਵ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ 7 ਮਹੀਨਿਆਂ ਤੋਂ ਜਲੰਧਰ ਵਿੱਚ ਰੇਹੜੀ ਲਾਉਂਦਾ ਆ ਰਿਹਾ ਹੈ। ਜਦੋਂ ਮੁਲਾਜ਼ਮ ਨੇ ਪੁੱਛਿਆ ਕਿ ਨਿਗਮ ਦੇ ਲੋਕ ਕਿੰਨੇ ਪੈਸੇ ਲੈਂਦੇ ਹਨ ਤਾਂ ਉਸ ਨੇ ਜਵਾਬ ਦਿੱਤਾ ਕਿ ਕੋਈ 100 ਰੁਪਏ ਤੇ ਕੋਈ 200 ਰੁਪਏ ਲੈਂਦਾ ਹੈ। ਪੈਸੇ ਲੈਣ ਤੋਂ ਬਾਅਦ ਕੋਈ ਪਰਚੀ ਨਹੀਂ ਦਿੱਤੀ ਜਾਂਦੀ।
ਹਰਿੰਦਰ ਯਾਦਵ ਨੇ ਕਿਹਾ ਕਿ ਕਾਰਪੋਰੇਸ਼ਨ ਦੇ ਕਰਮਚਾਰੀ ਪੈਸੇ ਇਕੱਠੇ ਕਰਨ ਲਈ ਕਦੇ ਸਾਈਕਲ ਤੇ ਕਦੇ ਕਾਰ 'ਤੇ ਆਉਂਦੇ ਹਨ। ਉਸ ਨੇ ਦੱਸਿਆ ਕਿ ਪੈਸੇ ਨਾ ਦੇਣ 'ਤੇ ਕਾਰਵਾਈ ਦੀ ਧਮਕੀ ਦਿੰਦੇ ਹਨ। ਇਸ ਤੋਂ ਇਲਾਵਾ ਜੇਕਰ ਪੈਸੇ ਨਹੀਂ ਦਿੰਦੇ, ਤਾਂ ਨਿਗਮ ਦੇ ਕਰਮਚਾਰੀ ਸਾਮਾਨ ਲੈ ਜਾਂਦੇ ਹਨ।
ਇੱਕ ਹੋਰ ਰੇਹੜੀ ਫੜ੍ਹੀ ਵਾਲੇ ਨੇ ਦੱਸਿਆ ਕਿ ਨਿਗਮ ਕਰਮਚਾਰੀ ਉਸ ਤੋਂ ਕਰੀਬ 500 ਰੁਪਏ ਲੈ ਲੈਂਦੇ ਹਨ। ਉਸ ਨੇ ਕਿਹਾ ਕਿ ਇਹ ਪੈਸੇ ਕੌਣ ਲੈਂਦਾ ਹੈ, ਉਸ ਦਾ ਨਾਂ ਨਹੀਂ ਪਤਾ ਪਰ ਸਾਡੇ ਤੋਂ ਹਰ ਮਹੀਨੇ 500 ਰੁਪਏ ਲਏ ਜਾਂਦੇ ਹਨ। ਉਸ ਨੇ ਦੱਸਿਆ ਕਿ ਜਦੋਂ 1-2 ਦਿਨ ਦੀ ਦੇਰੀ ਹੋ ਜਾਂਦੀ ਹੈ ਤਾਂ ਸਾਰਾ ਸਾਮਾਨ ਚੁੱਕ ਲਿਆ ਜਾਂਦਾ ਹੈ।
ਇਸੇ ਤਰ੍ਹਾਂ ਸ਼ਿਵ ਨਾਥ ਨੇ ਕਿਹਾ ਉਹ ਪਿਛਲੇ 5 ਸਾਲਾਂ ਤੋਂ ਜਲੰਧਰ ਵਿੱਚ ਰੇਹੜੀ ਲਾ ਰਿਹਾ ਹੈ। ਨਿਗਮ ਦੇ ਕਰਮਚਾਰੀ ਉਨ੍ਹਾਂ ਤੋਂ ਪੈਸੇ ਲੈਂਦੇ ਹਨ ਪਰ ਇਸ ਦੀ ਕੋਈ ਪਰਚੀ ਉਨ੍ਹਾਂ ਨੂੰ ਨਹੀਂ ਦਿੱਤੀ ਜਾਂਦੀ।
ਦਰਅਸਲ ਕੱਲ੍ਹ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਸਟਰੀਟ ਵੈਂਡਰਜ਼ ਨੇ ਕਿਹਾ ਸੀ ਕਿ ਸਰਕਾਰ ਨੇ ਸਾਲ 2012 ਵਿੱਚ ਸਟਰੀਟ ਵੈਂਡਰ ਐਕਟ ਬਣਾਇਆ ਸੀ। ਇਸ ਵਿੱਚ ਸਰਕਾਰ ਨੇ ਤਜਵੀਜ਼ ਰੱਖੀ ਸੀ ਕਿ ਸਟਰੀਟ ਵੈਂਡਰ ਜ਼ੋਨ ਬਣਾਏ ਜਾਣਗੇ ਪਰ ਸਰਕਾਰ ਨੇ ਅਜਿਹਾ ਕੁਝ ਨਹੀਂ ਕੀਤਾ। ਇਸ ਵਿੱਚ ਸਾਡਾ ਕੀ ਕਸੂਰ ਹੈ? ਜੇਕਰ ਸਰਕਾਰ ਨੇ ਵੈਂਡਰ ਜ਼ੋਨ ਬਣਾਇਆ ਤਾਂ ਅਸੀਂ ਉੱਥੇ ਜਾਵਾਂਗੇ ਪਰ ਅਜਿਹਾ ਨਹੀਂ ਹੋ ਰਿਹਾ।