Ludhiana News: ਗਰਮੀ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ 20 ਮਈ ਤੋਂ 31 ਮਈ ਤੱਕ ਛੁੱਟੀ ਦਾ ਐਲਾਨ ਕੀਤਾ ਸੀ ਤੇ ਹੁਕਮ ਦਿੱਤੇ ਸਨ ਕਿ ਜੇਕਰ ਕੋਈ ਸਕੂਲ ਖੁੱਲ੍ਹਾ ਪਾਇਆ ਗਿਆ ਤਾਂ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਧਰ, ਲੁਧਿਆਣਾ ਦੇ ਕੁਝ ਸਕੂਲ ਗਰਮੀਆਂ ਵਿੱਚ ਖੁੱਲ੍ਹੇ ਸਨ ਤੇ ਕੜਕਦੀ ਗਰਮੀ ਵਿੱਚ ਬੱਚੇ ਸਕੂਲ ਵਿੱਚ ਆ-ਜਾ ਰਹੇ ਸਨ, ਜਿਸ ਦਾ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਵੀ ਕੀਤਾ ਗਿਆ।


ਸਰਕਾਰੀ ਹੁਕਮਾਂ ਦੇ ਬਾਵਜੂਦ ਲੁਧਿਆਣਾ ਦੇ ਕੁਝ ਸਕੂਲ ਖੁੱਲ੍ਹੇਆਮ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ, ਜਦਕਿ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਡੀਸੀ ਨੂੰ ਕੀਤੀ। ਇਸ ਤੋਂ ਬਾਅਦ ਡੀਸੀ ਸਾਕਸ਼ੀ ਸਾਹਨੀ ਨੇ ਸਖ਼ਤ ਨੋਟਿਸ ਲੈਂਦਿਆਂ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।



ਡੀਸੀ ਵੱਲੋਂ ਕੀਤੀ ਗਈ ਜਾਂਚ ਵਿੱਚ ਲੁਧਿਆਣਾ ਦੇ 10 ਸਕੂਲਾਂ ਦੇ ਨਾਂ ਸਾਹਮਣੇ ਆਏ ਹਨ ਜੋ ਸਰਕਾਰੀ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਸਨ। ਡੀਈਓ ਨੇ ਇਨ੍ਹਾਂ ਸਾਰੇ ਸਕੂਲਾਂ ਦੀ ਸੂਚੀ ਡੀਸੀ ਨੂੰ ਭੇਜ ਦਿੱਤੀ ਹੈ। ਇਨ੍ਹਾਂ ਵਿੱਚ ਲੁਧਿਆਣਾ ਦਾ ਟੈਂਡਰ ਇੰਟਰਨੈਸ਼ਨਲ ਸਕੂਲ, ਜੋਸਫ ਸੈਕਰਡ ਹਾਰਟ ਸਕੂਲ ਸਾਊਥ ਸਿਟੀ, ਗੁਰੂ ਨਾਨਕ ਪਬਲਿਕ ਸਕੂਲ, ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਢਾਂਡਰਾ, ਸਰਾਭਾ ਨਗਰ ਦਾ ਪਿੰਕੀ ਪਲੇ ਵੇ ਸਕੂਲ, ਹਰਿਕ੍ਰਿਸ਼ਨ ਸਕੂਲ ਲੁਧਿਆਣਾ, ਈ-ਕੈਨੇਡੀਅਨ ਸਕੂਲ ਲੁਧਿਆਣਾ, ਸ਼੍ਰੀ ਰਾਮ ਯੂਨੀਵਰਸਲ ਸਕੂਲ ਸਰਾਭਾ ਨਗਰ ਸ਼ਾਮਲ ਹਨ। ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ, ਸੈਂਟਰਲ ਮਾਡਲ ਸਕੂਲ ਲੁਧਿਆਣਾ ਜੋ ਛੁੱਟੀ ਦੇ ਹੁਕਮਾਂ ਦੇ ਬਾਵਜੂਦ ਖੁੱਲ੍ਹੇ ਰਹੇ।


ਕਾਰਨ ਦੱਸੋ ਨੋਟਿਸ ਜਾਰੀ
ਡੀਸੀ ਸਾਕਸ਼ੀ ਸਾਹਨੀ ਨੇ ਛੁੱਟੀਆਂ ਵਿੱਚ ਵੀ ਖੁੱਲ੍ਹੇ ਸਕੂਲਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਸਕੂਲ ਮਹੀਨਾਵਾਰ ਪ੍ਰੀਖਿਆਵਾਂ ਦਾ ਹਵਾਲਾ ਦੇ ਕੇ ਬੱਚਿਆਂ ਨੂੰ ਸਕੂਲ ਬੁਲਾ ਰਹੇ ਹਨ, ਜਿਸ ਦਾ ਮਾਪੇ ਵੀ ਵਿਰੋਧ ਕਰ ਰਹੇ ਹਨ। ਪ੍ਰਾਈਵੇਟ ਸਕੂਲਾਂ ਦਾ ਤਰਕ ਹੈ ਕਿ ਬੱਚਿਆਂ ਦੇ ਮਾਸਿਕ ਇਮਤਿਹਾਨ ਹਨ। ਹੁਣ ਸਰਕਾਰ ਨੇ ਅਜਿਹਾ ਹੁਕਮ ਦਿੱਤਾ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਸਕਦੀ ਹੈ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਗਰਮੀ ਕਾਰਨ ਸਕੂਲ ਜਾਂਦੇ ਸਮੇਂ ਬੱਚਿਆਂ ਨੂੰ ਕੁਝ ਹੋ ਜਾਂਦਾ ਹੈ ਤਾਂ ਕਿਸ ਦੀ ਜ਼ਿੰਮੇਵਾਰ ਹੋਵੇਗੀ।