Ludhiana News: ਲੁਧਿਆਣਾ ਵਿੱਚ ਮੁੜ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਠੱਗਾਂ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਲਈ। ਉਹ ਧੜਾਧੜ ਨੋਟ ਛਾਪਦੇ ਤੇ ਫਿਰ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗੱਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਸਨ। ਥਾਣਾ ਸਰਾਭਾ ਨਗਰ ਦੀ ਪੁਲਿਸ (Sarabha Nagar police station) ਨੇ ਲੱਖਾਂ ਰੁਪਏ ਦੀ ਨਕਲੀ ਕਰੰਸੀ (fake currency) ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। 



ਇਸ ਬਾਰੇ ਸੰਯੁਕਤ ਪੁਲਿਸ ਕਮਿਸ਼ਨਰ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਏਸੀਪੀ ਮਨਦੀਪ ਸਿੰਘ ਦੇ ਆਦੇਸ਼ ਤਹਿਤ ਥਾਣੇਦਾਰ ਬਲਵੀਰ ਸਿੰਘ ਨੇ ਗੁਪਤ ਸੂਚਨਾ ਮਿਲਣ ’ਤੇ ਓਰੀਐਂਟ ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ ਆਈ-20 ਕਾਰ ਵਿੱਚ ਆ ਰਹੇ ਸੋਹਣ ਸਿੰਘ ਸੋਨੀ ਵਾਸੀ ਅਗਵਾੜ ਲੁਦਾਈ ਜਗਰਾਓਂ ਤੇ ਮਨਦੀਪ ਸਿੰਘ ਮਨੂੰ ਵਾਸੀ ਰਾਏਕੋਟ ਰੋਡ ਅਗਵਾੜ ਗੁੱਜਰਾਂ ਜਗਰਾਓਂ ਨੂੰ ਗ੍ਰਿਫ਼ਤਾਰ ਕੀਤਾ ਹੈ। 


ਉਨ੍ਹਾਂ ਦੱਸਿਆ ਕਿ ਇਹ ਭਾਰਤੀ ਕਰੰਸੀ ਦੇ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਹਨ ਤੇ ਭੋਲੇ ਭਾਲੇ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗੱਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੇ ਹਨ। ਤਫ਼ਤੀਸ਼ ਦੌਰਾਨ ਪੁਲਿਸ ਵੱਲੋਂ ਕਾਰ ਵਿੱਚੋਂ 200-200 ਰੁਪਏ ਦੇ ਨੋਟਾਂ ਦੀਆਂ 16 ਗੁੱਟੀਆਂ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੀਆਂ 19 ਗੁੱਟੀਆਂ ਹਰੇਕ ਵਿੱਚ 100 ਨੋਟ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਮੁੱਲ 5 ਲੱਖ 10 ਹਜ਼ਾਰ ਰੁਪਏ ਹੈ। 


ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੁਹਾਰਾ, ਮੋਗਾ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਦੇ ਘਰ ਵਿੱਚ ਨਕਲੀ ਨੋਟ ਛਾਪਣ ਦੀ ਮਸ਼ੀਨ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।