Ludhiana News: ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਚ ਇੱਕ ਸੁਨਿਆਰੇ ਉੱਪਰ ਕਿੱਟੀ ਸਕੀਮ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਖੰਨਾ ’ਚ ਮਸ਼ਹੂਰ ਲਵਲੀ ਜਿਊਲਰਜ਼ ਦੀ ਦੁਕਾਨ ਅੱਗੇ ਪਿੰਡ ਰਤਨਹੇੜੀ ਦੇ ਪੀੜਤ ਲੋਕਾਂ ਨੇ ਕੁਝ ਔਰਤਾਂ ਨੂੰ ਨਾਲ ਲੈ ਕੇ ਧਰਨਾ ਦਿੰਦਿਆਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਪੈਸੇ ਵਾਪਸ ਨਾ ਹੋਏ ਤਾਂ ਉਹ ਦੁਕਾਨ ਦੇ ਬਾਹਰ ਆਤਮਦਾਹ ਕਰ ਲੈਣਗੇ।
ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਿਸ ਨੇ ਹਾਲਾਤ ਨੂੰ ਕਾਬੂ ਵਿਚ ਰੱਖਿਆ। ਹਰਮੀਤ ਸਿੰਘ ਵਾਸੀ ਰਤਨਹੇੜੀ ਨੇ ਦੱਸਿਆ ਕਿ ਉਸ ਨੇ ਲਵਲੀ ਜਿਊਲਰ ਕੋਲ ਕਿੱਟੀ ਯੋਜਨਾ ਤਹਿਤ ਦੋ ਸਾਲਾਂ ਲਈ ਕਿਸ਼ਤਾਂ ਜਮ੍ਹਾਂ ਕਰਵਾਈਆਂ ਹਨ। 18 ਦੇ ਕਰੀਬ ਲੋਕਾਂ ਦੀ ਲੱਖਾਂ ਰੁਪਏ ਦੀ ਰਕਮ ਸੁਨਿਆਰੇ ਵੱਲੋਂ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਸੁਨਿਆਰਾ ਗਰੀਬ ਲੋਕਾਂ ਤੋਂ ਹਰ ਮਹੀਨੇ 500-500 ਰੁਪਏ ਜਮ੍ਹਾਂ ਕਰਵਾ ਲੈਂਦਾ ਸੀ, ਜਦੋਂ ਪੈਸੇ ਵਾਪਸ ਕਰਨ ਦਾ ਸਮਾਂ ਆਇਆ ਤਾਂ ਪੈਸੇ ਵਾਪਸ ਕਰਨ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਧੀ ਦੇ ਵਿਆਹ ਲਈ ਕਿੱਟੀ ਰੱਖੀ ਸੀ ਤਾਂ ਜੋ ਪੈਸੇ ਇੱਕਠੇ ਹੋ ਜਾਣ ਤੇ ਉਨ੍ਹਾਂ ਵਿਆਹ ਕਰ ਸਕੇ। ਜੇਕਰ ਦੁਕਾਨਦਾਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਉਹ ਦੁਕਾਨ ਅੱਗੇ ਆਤਮਦਾਹ ਕਰ ਲਵੇਗਾ।
ਦੁਕਾਨ ਦੇ ਅੱਗੇ ਰੋਸ ਪ੍ਰਗਟ ਕਰਦਿਆਂ ਇੱਕ ਵਿਅਕਤੀ ਵਾਰ-ਵਾਰ ਆਪਣੀ ਮਾਂ ਨੂੰ ਜੱਫੀ ਪਾ ਕੇ ਰੋ ਰਿਹਾ ਸੀ। ਉਕਤ ਵਿਅਕਤੀ ਨੇ ਦੋਸ਼ ਲਾਇਆ ਕਿ ਜਦੋਂ ਪੈਸੇ ਮੰਗੇ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕੀਤੀ ਤਾਂ ਦੁਕਾਨਦਾਰ ਨੇ ਕਿਹਾ ਕਿ ਜ਼ਿਆਦਾ ਬੋਲਿਆ ਤਾਂ ਗੋਲੀ ਮਾਰ ਦਵਾਂਗੇ। ਦੂਜੇ ਪਾਸੇ ਲਵਲੀ ਜਿਊਲਰਜ਼ ਦੇ ਸੰਚਾਲਕ ਯੋਗੇਸ਼ ਵਰਮਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਿੱਟੀ ਸਕੀਮ ਲੰਬੇ ਸਮੇਂ ਤੋਂ ਬੰਦ ਪਈ ਹੈ, ਜਿਨ੍ਹਾਂ ਲੋਕਾਂ ਦੇ ਪੈਸੇ ਸਨ ਉਨ੍ਹਾਂ ਵੱਲੋਂ ਵਾਪਸ ਕਰ ਦਿੱਤੇ ਗਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।