Ludhiana News: ਪੰਜਾਬ ਵਿੱਚ ਝੋਨੇ ਦਾ ਸੀਜ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜੇਕਰ ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1 ਲੱਖ 4 ਹਜ਼ਾਰ 362 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਹੈ। ਇਹ ਪਿਛਲੇ ਸਾਲ ਨਾਲੋਂ ਇਹ ਲਗਪਗ 10 ਹਜ਼ਾਰ ਮੀਟਰਕ ਟਨ ਘੱਟ ਹੈ ਕਿਉਂਕਿ ਪਿਛਲੇ ਸਾਲ ਅੱਜ ਤੱਕ 1 ਲੱਖ 14 ਹਜ਼ਾਰ 500 ਮੀਟਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਸੀ।



ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਹੈ ਕਿ ਮੀਂਹ ਕਰਕੇ ਇਸ ਵਾਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਿੱਚ ਥੋੜ੍ਹੀ ਖੜ੍ਹੋਤ ਆਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸੁਚੱਜੇ ਪ੍ਰਬੰਧ ਹਨ ਤੇ ਲਗਾਤਾਰ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਵੀ ਹੋ ਰਹੀ ਹੈ ਤੇ ਲਿਫਟਿੰਗ ਤੇ ਬਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪੂਰਾ ਝੋਨਾ ਸੁਕਾ ਕੇ ਮੰਡੀਆਂ ਵਿੱਚ ਲੈ ਕੇ ਆਉਣ। 



ਉੱਥੇ ਹੀ ਦੂਜੇ ਪਾਸੇ ਹੁਣ ਤੱਕ ਲੁਧਿਆਣੇ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੇ 12 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਸਮਰਾਲਾ ਹਲਕੇ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲੁਧਿਆਣਾ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਪੰਜਾਬ ਭਰ ਵਿੱਚ 10ਵੇਂ ਨੰਬਰ ਤੇ ਆਇਆ ਸੀ ਪਰ ਇਸ ਵਾਰ ਅਸੀਂ ਇਸ ਨੂੰ ਸਭ ਤੋਂ ਪਿੱਛੇ ਲੈ ਕੇ ਜਾਵਾਂਗੇ।


ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਸੁਪਰ ਸੀਡਰ ਤੇ ਹੈਪੀ ਸੀਡਰ ਤੋਂ ਇਲਾਵਾ ਅਸੀਂ ਸਮਾਰਟ ਸੀਡਰ ਵੀ ਕਿਸਾਨਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੱਧੇ ਤੌਰ ਤੇ ਪਰਾਲੀ ਸਾਂਭਣ ਲਈ ਮਸ਼ੀਨਰੀ 50 ਫੀਸਦੀ ਸਬਸਿਡੀ ਤੇ ਜਦੋਂਕਿ ਕੋਪਰੇਟਿਵ ਸੁਸਾਇਟੀ ਨੂੰ 80 ਫੀਸਦੀ ਸਬਸਿਡੀ ਤੇ ਇਹ ਮਸ਼ੀਨ ਵੀ ਦਿੱਤੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਇਸ ਵਾਰ ਖਾਸ ਤੌਰ ਤੇ ਛੋਟੇ ਕਿਸਾਨਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਨੂੰ ਕੋਪਰੇਟਿਵ ਸੁਸਾਇਟੀ ਦੇ ਨਾਲ ਜੋੜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵੀ ਮਸ਼ੀਨਾਂ ਹੀ ਮਿਲ ਸਕੇ ਉਨ੍ਹਾਂ ਕਿਹਾ ਕਿ ਜੋ ਪਰਾਲੀ ਨੂੰ ਅੱਗ ਲਾਉਣ ਤੇ ਫਿਲਹਾਲ ਮਾਮਲੇ ਆਏ ਨੇ ਉਹ ਕੋਈ ਵੱਡੇ ਖੇਤ ਵਿੱਚ ਨਹੀਂ ਸਗੋਂ ਛੋਟੇ ਖੇਤਾਂ ਵਿਚ ਆਏ ਹਨ।


ਉਨ੍ਹਾਂ ਦੱਸਿਆ ਕਿ ਇਸ ਵਾਰ ਅਸੀਂ ਏਸ ਦੇ ਕੰਟਰੋਲ ਕਰਨ ਲਈ ਲਗਾਤਾਰ ਕੈਂਪ ਲਗਾ ਰਹੇ ਹਾਂ ਇੰਨਾ ਹੀ ਨਹੀਂ ਸਰਪੰਚਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਈ ਜਾ ਰਹੀ ਹੈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਉਸ ਦਾ ਜ਼ਿਆਦਾ ਖੇਤ ਵਿੱਚ ਨਿਪਟਾਰਾ ਕਰਨ ਜਾਂ ਫਿਰ ਮਸ਼ੀਨਰੀ ਰਾਹੀਂ ਪੰਡਾਂ ਬਣਾ ਕੇ ਉਸ ਨੂੰ ਵੇਚ ਦੇਣ।