Ludhiana News: ਲੁਧਿਆਣਾ ਵਿੱਚ ਚੋਰੀ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਪਹਿਲਾਂ ਰੱਜ ਕੇ ਸਾਮਾਨ ਖਾਧਾ ਤੇ ਫਿਰ ਆਰਾਮ ਨਾਲ ਚੋਰੀ ਕਰਕੇ ਚਲੇ ਗਏ। ਉਹ ਜਾਂਦੇ ਹੋਏ ਵੀ ਨਾਲ ਚੌਕਲੇਟ ਆਦਿ ਲੈ ਗਏ। ਇਹ ਹੈਰਾਨੀ ਵਾਲੀ ਗੱਲ ਹੈ ਕਿ ਚੋਰ ਜਿੰਦਰਾ ਤੋੜ ਕੇ ਨਹੀਂ ਸਗੋਂ ਛੱਤ ਰਾਹੀਂ ਦੁਕਾਨ ਵਿੱਚ ਦਾਖਲ ਹੋਏ।



ਦਰਅਸਲ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਇਲਾਕੇ ਵਿੱਚ ਇੱਕ ਡਿਪਾਰਟਮੈਂਟ ਸਟੋਰ ਵਿੱਚ ਹੋਈ ਚੋਰੀ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਖੁਲਾਸਾ ਹੋਇਆ ਹੈ ਕਿ ਚੋਰ ਛੱਤ ਰਾਹੀਂ ਸਟੋਰ ਅੰਦਰ ਦਾਖਲ ਹੋਏ। ਰਾਤ 1 ਵਜੇ ਤਿੰਨ ਚੋਰ ਗੁਆਂਢ ਵਿੱਚ ਲੱਗੀ ਲੋਹੇ ਦੀ ਪੌੜੀ ਦੀ ਵਰਤੋਂ ਕਰਕੇ ਛੱਤ ਰਾਹੀਂ ਡਿਪਾਰਟਮੈਂਟ ਸਟੋਰ ਵਿੱਚ ਦਾਖਲ ਹੋਏ ਤੇ ਚੋਰੀ ਕਰਕੇ ਫਰਾਰ ਹੋ ਗਏ। 




ਸ੍ਰੀ ਰਾਮ ਕ੍ਰਿਪਾ ਡਿਪਾਰਟਮੈਂਟ ਸਟੋਰ ਦੇ ਮਾਲਕ ਸ੍ਰੀ ਰਾਮ ਬੁੱਧੀਰਾਜਾ ਨੇ ਦੱਸਿਆ ਕਿ ਚੋਰ ਗੱਲੇ ’ਚੋਂ 35 ਹਜ਼ਾਰ ਰੁਪਏ ਦੀ ਨਕਦੀ ਤੇ ਦੋ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਦਿਲਚਸਪ ਹੈ ਕਿ ਚੋਰ ਇੰਨੇ ਬੇਪ੍ਰਵਾਹ ਸਨ ਕਿ ਕਰੀਬ ਅੱਧਾ ਘੰਟਾ ਸਟੋਰ ਵਿੱਚ ਬੈਠ ਕੇ ਉੱਥੇ ਸਾਮਾਨ ਖਾਧਾ, ਫਿਰ ਜਾਂਦੇ ਸਮੇਂ ਵੱਡੀਆਂ ਚਾਕਲੇਟਾਂ ਵੀ ਚੁੱਕ ਕੇ ਲੈ ਗਏ।



ਸ਼੍ਰੀ ਰਾਮ ਬੁੱਧੀਰਾਜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਸਟੋਰ ਬੰਦ ਕਰਕੇ ਘਰ ਚਲਾ ਗਿਆ। ਸਵੇਰੇ ਜਦੋਂ ਸਟੋਰ ਖੋਲ੍ਹਿਆ ਗਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਦੇਖਿਆ ਕਿ ਗੱਲੇ ਵਿੱਚ ਪਏ ਕਰੀਬ 35 ਹਜ਼ਾਰ ਰੁਪਏ ਤੇ 2 ਮੋਬਾਈਲ ਫੋਨ ਗਾਇਬ ਸਨ। ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। 


ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ 3 ਤੇ ਪੁਲਿਸ ਚੌਕੀ ਧਰਮਪੁਰਾ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ | ਪੁਲਿਸ ਨੇ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਪਹੁੰਚ ਕੇ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਤਿੰਨ ਵਿਅਕਤੀਆਂ ਨੂੰ ਵਾਰਦਾਤ ਨੂੰ ਅੰਜਾਮ ਦਿੰਦੇ ਦੇਖਿਆ। 


ਤਿੰਨੋਂ ਜਣੇ ਸਟੋਰ ਦੇ ਨਾਲ ਲੱਗਦੀ ਕੰਧ ਨਾਲ ਰੱਖੀ ਲੋਹੇ ਦੀ ਘੋੜੀ ਰਾਹੀਂ ਛੱਤ ਤੋਂ ਅੰਦਰ ਦਾਖ਼ਲ ਹੋਏ। ਉਨ੍ਹਾਂ ਨੇ ਕਰੀਬ ਅੱਧਾ ਘੰਟਾ ਦੁਕਾਨ ਅੰਦਰ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸਟੋਰ ਵਿੱਚੋਂ ਰੱਜ ਕੇ ਸਾਮਾਨ ਖਾਧਾ। ਉਕਤ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਚੋਰ ਦੁਕਾਨ 'ਚੋਂ ਚਾਕਲੇਟ ਵੀ ਲੈ ਗਏ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 3 ਦੇ ਐਸਐਚਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।