Ludhiana News: ਪਿਛਲੇ ਕੁਝ ਦਿਨਾਂ ਤੋਂ ਅਕਾਸ਼ ਵਿੱਚ ਧੂੰਏਂ ਦੀ ਸੰਘਣੀ ਪਰਤ ਬਣੀ ਹੋਣ ਕਰਕੇ ਜਿੱਥੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਉੱਥੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਐਤਵਾਰ ਵੀ ਸਾਰਾ ਦਿਨ ਸੂਰਜ ਦਿਖਾਈ ਨਹੀਂ ਦਿੱਤਾ। ਸ਼ਹਿਰ ਦੇ ਆਸ-ਪਾਸ ਦੇ ਕਈ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਵਰਤਾਰਾ ਅਜੇ ਵੀ ਜਾਰੀ ਹੈ। ਇਸ ਲਈ ਲੁਧਿਆਣਾ ਦਾ ਹਾਲ ਵੀ ਦਿੱਲੀ ਵਰਗਾ ਹੁੰਦਾ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਭਾਵੇਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਦੂਜੇ ਪਾਸੇ, ਲੁਧਿਆਣਾ ਵਿੱਚ ਸਿਰਫ਼ ਪਰਾਲੀ ਦਾ ਧੂੰਆਂ ਹੀ ਸਮੱਸਿਆ ਨਹੀਂ ਬਣਦਾ ਸਗੋਂ ਇੱਥੇ ਸ਼ਹਿਰ ਦਾ ਆਪਣਾ ਪ੍ਰਦੂਸ਼ਣ ਵੀ ਲੋਕਾਂ ਲਈ ਮੁਸੀਬਤ ਬਣ ਰਿਹਾ ਹੈ।
ਦੇਸ਼ ਦਾ ਸਨਅਤੀ ਧੁਰਾ ਹੋਣ ਕਰ ਕੇ ਫੈਕਟਰੀਆਂ, ਰੰਗਾਈ ਮਿੱਲ੍ਹਾਂ ਅਤੇ ਲੱਖਾਂ ਗੱਡੀਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਵੀ ਹਵਾ ਵਿੱਚ ਪ੍ਰਦੂਸ਼ਣ ਵਧਾਉਣ ਦਾ ਕਾਰਨ ਬਣ ਰਿਹਾ ਹੈ। ਕਈ ਇਲਾਕਿਆਂ ਵਿੱਚ ਸਵੇਰੇ ਅਤੇ ਸ਼ਾਮ ਸਮੇਂ ਧੂੰਆਂ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਵਾਹਨ ਚਾਲਕਾਂ ਨੂੰ ਰਾਹ ਦੇਖਣ ’ਚ ਵੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ।
ਐਤਵਾਰ ਨੂੰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 200 ਤੋਂ ਪਾਰ ਰਿਹਾ ਜੋ ਕਿ ਸਾਹ ਦੇ ਮਰੀਜ਼ਾਂ ਦੇ ਨਾਲ ਨਾਲ ਆਮ ਲੋਕਾਂ ਲਈ ਵੀ ਹਾਨੀਕਾਰਕ ਮੰਨਿਆ ਜਾ ਰਿਹਾ ਹੈ। ਇਸ ਧੂੰਏ ਕਾਰਨ ਫੇਫੜਿਆਂ ਤੇ ਸਾਹ ਦੀਆਂ ਬਿਮਾਰੀਆਂ ਦੇ ਨਾਲ-ਨਾਲ ਚਮੜੀ ਦੇ ਰੋਗੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਉਧਰ, ਮੀਂਹ ਨਾ ਪੈਣ ਕਰ ਕੇ ਮੌਸਮ ਵਿਗਿਆਨੀਆਂ ਵੱਲੋਂ ਧੂੰਏਂ ਵਾਲਾ ਮੌਸਮ ਅਜੇ ਇੱਕ-ਦੋ ਦਿਨ ਹੋਰ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ