Ludhiana News : ਲੁਧਿਆਣਾ ਸ਼ਹਿਰ ਦੇ ਗਿੱਲ ਰੋਡ ਈਸ਼ਰ ਨਗਰ ਇਲਾਕੇ ਦੇ ਬੰਦ ਪਏ ਤਿੰਨ ਗੁਦਾਮਾਂ ਵਿੱਚੋਂ ਐਕਸਾਈਜ਼ ਵਿਭਾਗ ਨੇ ਛਾਪਾ ਮਾਰ ਕੇ 1000 ਦੇ ਕਰੀਬ ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਐਕਸਾਈਜ਼ ਵਿਭਾਗ ਨੇ ਛਾਪੇ ਮਾਰ ਕੇ ਥਾਣਾ ਸਦਰ ਨੂੰ ਵੀ ਜਾਣਕਾਰੀ ਦਿੱਤੀ। ਇਹ ਸ਼ਰਾਬ ਵੱਖ-ਵੱਖ ਬਰਾਂਡ ਦੀ ਹੈ। ਫਿਲਹਾਲ ਪੁਲਿਸ ਤੇ ਐਕਸਾਈਜ਼ ਵਿਭਾਗ ਇਸ ਮਾਮਲੇ ਦੀ ਤਫ਼ਤੀਸ਼ ਵਿੱਚ ਲੱਗੀ ਹੈ ਕਿ ਇਹ ਸ਼ਰਾਬ ਕਿਸ ਦੀ ਹੈ। 


ਐਕਸਾਈਜ਼ ਵਿਭਾਗ ਦੇ ਈਟੀਓ ਅਮਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਈਸ਼ਰ ਨਗਰ ਇਲਾਕੇ ਨੇੜੇ ਗਿੱਲ ਗਾਰਡਨ ਦੇ ਕੋਲ ਗੁਦਾਮ ਵਿੱਚ ਸ਼ਰਾਬ ਰੱਖੀ ਹੋਈ ਹੈ। ਇਸ ਸੂਚਨਾ ਦੇ ਆਧਾਰ ’ਤੇ ਵਿਭਾਗ ਨੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਛਾਪਾ ਮਾਰਿਆ। ਜਦੋਂ ਮੌਕੇ ’ਤੇ ਆ ਕੇ ਦੇਖਿਆ ਤਾਂ ਇੱਥੇ ਤਿੰਨ ਗੁਦਾਮਾਂ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਵਿਭਾਗ ਮੁਤਾਬਕ ਇਹ 1000 ਤੋਂ ਵੱਧ ਪੇਟੀਆਂ ਸ਼ਰਾਬ ਹੈ। ਇਸ ਦੀ ਹਾਲੇ ਗਿਣਤੀ ਕੀਤੀ ਜਾ ਰਹੀ ਹੈ। 


ਉਨ੍ਹਾਂ ਦੱਸਿਆ ਕਿ ਇਸ ਸ਼ਰਾਬ ਦਾ ਮਾਲਕ ਕੌਣ ਹੈ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਪੰਜਾਬ ਵਿੱਚ ਹੀ ਵਿਕਣ ਵਾਲੀ ਹੈ, ਇਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਕਿਸੇ ਸ਼ਰਾਬ ਦੇ ਠੇਕੇਦਾਰ ਦੀ ਹੀ ਹੈ। ਦੇਖਣ ਵਿੱਚ ਇਹ ਸ਼ਰਾਬ ਪਿਛਲੇ ਸਾਲ ਦੀ ਲੱਗ ਰਹੀ ਹੈ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਕੇਸ ਦਰਜ ਕਰਨ ਦੀ ਸ਼ਿਫ਼ਾਰਿਸ਼ ਕਰ ਦਿੱਤੀ ਹੈ। 


ਗੁਦਾਮ ਦੇ ਮਾਲਕ ਕੋਲੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਸ ਨੂੰ ਗੁਦਾਮ ਕਿਰਾਏ ’ਤੇ ਦਿੱਤਾ ਸੀ। ਫਿਲਹਾਲ ਪੁਲਿਸ ਥਾਣਾ ਸਦਰ ਦੇ ਅਧੀਨ ਆਉਂਦੀ ਪੁਲੀਸ ਚੌਕੀ ਲਲਤੋਂ ਵਿੱਚ ਇਸ ਮਾਮਲੇ ਦੇ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਰਵਿੰਦਰ ਕੁਮਾਰ ਨੇ ਦੱਸਿਆ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।