Ludhiana News : ਪੰਜਾਬ ਸਰਕਾਰ ਚੀਨੀ ਡੋਰ ਉੱਪਰ ਸਖਤੀ ਵਰਤ ਰਹੀ ਹੈ ਪਰ ਦੁਕਾਨਾਂ ਉੱਪਰ ਇਹ ਸ਼ਰੇਆਮ ਵਿਕ ਰਹੀ ਹੈ। ਹੋਰ ਤਾਂ ਹੋਰ ਚੀਨੀ ਡੋਰ ਨਾਲ ਅਕਸਰ ਹੀ ਹਾਦਸੇ ਵਾਪਰ ਰਹੇ ਹਨ ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਜਾ ਰਿਹਾ। ਇਸ ਦੇ ਨਾਲ ਹੀ ਪਲਾਸਟਿਕ ਦੇ ਪਤੰਗ ਵੀ ਧੜਾਧੜ ਵਿਕ ਰਹੇ ਹਨ। ਇਹ ਪਤੰਗ ਵਾਤਾਵਰਨ ਲਈ ਬੇਹੱਦ ਘਾਤਕ ਹਨ। 


ਦੱਸ ਦਈਏ ਕਿ ਪੰਜਾਬ ਸਰਕਾਰ ਨੇ ਚੀਨੀ ਡੋਰ ਉੱਪਰ ਪਾਬੰਦੀ ਲਾਈ ਗਈ ਹੈ ਪਰ ਇਸ ਪਲਾਸਟਿਕ ਦੀ ਡੋਰ ਦੇ ਨਾਲ ਹੀ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਪਲਾਸਟਿਕ ਦੇ ਬਣੇ ਪਤੰਗਾਂ ਵੀ ਸ਼ਰੇਆਮ ਵਿਕ ਰਹੇ ਹਨ। ਲੋਹੜੀ ਦੇ ਤਿਓਹਾਰ ਨੂੰ ਭਾਵੇਂ ਅਜੇ ਕੁਝ ਦਿਨ ਬਾਕੀ ਹਨ ਪਰ ਨੌਜਵਾਨਾਂ, ਬੱਚਿਆਂ ਵੱਲੋਂ ਹੁਣ ਤੋਂ ਵੀ ਚੀਨ ਦੀ ਬਣੀ ਪਲਾਸਟਿਕ ਡੋਰ ਨਾਲ ਪਤੰਗ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਪਤੰਗ ਨਾ ਤਾਂ ਜਲਦੀ ਫਟਦੇ ਹਨ ਤੇ ਨਾਂ ਹੀ ਮੀਂਹ, ਧੁੰਦ ਵਿੱਚ ਗਿੱਲੇ ਹੁੰਦੇ ਹਨ। ਇਹੋ ਵਜ੍ਹਾ ਹੈ ਕਿ ਨੌਜਵਾਨਾਂ ਵੱਲੋਂ ਕਾਗਜ਼ ਦੇ ਪਤੰਗਾਂ ਨਾਲੋਂ ਅਜਿਹੇ ਪਤੰਗ ਖ੍ਰੀਦਣ ਨੂੰ ਪਹਿਲ ਦਿੱਤੀ ਜਾਂਦੀ ਹੈ। 


ਦੂਜੇ ਪਾਸੇ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਪਲਾਸਟਿਕ ਦੇ ਪਤੰਗਾਂ ’ਤੇ ਵੀ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਦਾ ਤਰਕ ਹੈ ਕਿ ਪਲਾਸਟਿਕ ਦੇ ਬਣੇ ਇਹ ਪਤੰਗ ਦਰੱਖਤਾਂ ਤੇ ਬਿਜਲੀ ਦੀਆਂ ਤਾਰਾਂ ਨਾਲ ਤਿਓਹਾਰ ਤੋਂ ਕਈ ਮਹੀਨੇ ਬਾਅਦ ਤੱਕ ਵੀ ਲਟਕਦੇ ਰਹਿੰਦੇ ਹਨ ਜੋ ਬੇਜ਼ੁਬਾਨ ਪੰਛੀਆਂ ਲਈ ਮੌਤ ਦਾ ਕਾਰਨ ਬਣ ਜਾਂਦੇ ਹਨ। 


ਦੇਸੀ ਡੋਰ ਸੂਤਣ ਵਾਲਿਆਂ ਦਾ ਕਹਿਣਾ ਹੈ ਚੀਨ ਦੀ ਪਲਾਸਟਿਕ ਡੋਰ ਦੇ ਆਉਣ ਨਾਲ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦਾ ਕੰਮ ਬਹੁਤ ਘੱਟ ਗਿਆ ਹੈ। ਭਾਵੇਂ ਪ੍ਰਸਾਸ਼ਨ ਵੱਲੋਂ ਇਸ ਡੋਰ ਦੀ ਵਿਕਰੀ ’ਤੇ ਰੋਕ ਲਗਾਉਣ ਤੇ ਅਜਿਹੀ ਡੋਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀਆਂ ਹਦਾਇਤਾਂ ਹਨ ਪਰ ਅਜੇ ਵੀ ਕੁਝ ਸ਼ਰਾਰਤੀ ਲੋਕਾਂ ਵੱਲੋਂ ਲੁਕ-ਛਿਪ ਕੇ ਇਹ ਡੋਰ ਵੇਚੀ ਜਾ ਰਹੀ ਹੈ। ਉਨ੍ਹਾਂ ਪਲਾਸਟਿਕ ਦੀ ਡੋਰ ਥੋਕ ’ਚ ਵੇਚਣ ਵਾਲਿਆਂ ਖਿ਼ਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।