Ludhiana News: ਬੇਲਦਾਰ ਦੀ ਨੌਕਰੀ (Beldar job) ਲਈ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਅਪਲਾਈ ਕਰ ਰਹੇ ਹਨ। ਇਹ ਆਲਮ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਬੇਰੁਜਗਾਰੀ ਕਿਸ ਕਦਰ ਵਧ ਗਈ ਹੈ। ਇਸ ਤੋਂ ਪਹਿਲਾਂ ਵੀ ਚਪੜਾਸੀ ਜਾਂ ਦਰਜਾ ਚਾਰ ਦੀਆਂ ਆਸਾਮੀਆਂ ਲਈ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਅਪਲਾਈ ਕਰਦੇ ਵੇਖੇ ਗਏ ਹਨ।



ਦਰਅਸਲ ਮੋਗਾ ਨਗਰ ਨਿਗਮ ਵਿੱਚ ਬੇਲਦਾਰਾਂ ਦੀਆਂ 48 ਅਸਾਮੀਆਂ ਕੱਢੀਆਂ ਗਈਆਂ ਹਨ। ਇਸ ਅਹੁਦੇ ਲਈ ਹੁਣ ਤੱਕ ਕਰੀਬ 3800 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਉਂਝ ਬੇਲਦਾਰ ਦੀ ਆਸਾਮੀ ਲਈ ਲੋੜੀਂਦੀ ਘੱਟੋ-ਘੱਟ ਯੋਗਤਾ ਮਿਡਲ ਪਾਸ ਹੈ ਪਰ, ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਇਸ ਪੋਸਟ ਲਈ ਅਪਲਾਈ ਕਰਨ ਵਾਲਿਆਂ ਵਿੱਚ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੀ ਸ਼ਾਮਲ ਹਨ। 


ਦੱਸ ਦਈਏ ਕਿ ਬੇਲਦਾਰ ਦੇ ਅਹੁਦੇ ਲਈ ਸੂਬੇ ਭਰ ਤੋਂ ਉਮੀਦਵਾਰ ਅਪਲਾਈ ਕਰਨ ਲਈ ਆ ਰਹੇ ਹਨ। ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਜਨਵਰੀ 2024 ਰੱਖੀ ਗਈ ਹੈ। ਬੇਲਦਾਰ ਦੀ ਆਸਾਮੀ ਲਈ ਅਪਲਾਈ ਕਰਨ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਅਪਲਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀ ਹੋਣ ਕਾਰਨ ਉਹ ਵੱਧ ਪੜ੍ਹੇ-ਲਿਖੇ ਹੋਣ ਬਾਵਜੂਦ ਇਸ ਲਈ ਅਪਲਾਈ ਕਰ ਰਹੇ ਹਨ।


ਇਸ ਬਾਰੇ ਮੋਗਾ ਨਗਰ ਨਿਗਮ ਦੇ ਸੂਤਰਾਂ ਨੇ ਦੱਸਿਆ ਕਿ ਨਗਰ ਨਿਗਮ ਵਿੱਚ 48 ਬੇਲਦਾਰਾਂ ਦੀਆਂ ਅਸਾਮੀਆਂ ਭਰਨ ਲਈ ਮਤਾ ਪਾਸ ਕੀਤਾ ਗਿਆ ਸੀ। 48 ਵਿੱਚੋਂ 32 ਦੇ ਕਰੀਬ ਬੇਲਦਾਰ ਪਹਿਲਾਂ ਹੀ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ। ਬਾਕੀ 16 ਅਸਾਮੀਆਂ ਬਕਾਇਆ ਹਨ। ਇਸ ਲਈ ਹੁਣ ਤੱਕ 3800 ਦੇ ਕਰੀਬ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਅਹੁਦੇ ਲਈ ਵੱਖ-ਵੱਖ ਸ਼ਹਿਰਾਂ ਦੇ ਨੌਜਵਾਨ ਅਪਲਾਈ ਕਰ ਰਹੇ ਹਨ।



ਕੱਚੇ ਬੇਲਦਾਰਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਉਹ ਲੋਕ ਪਿਛਲੇ 20 ਸਾਲਾਂ ਤੋਂ  ਕੰਮ ਕਰ ਰਹੇ ਹਨ। ਅਸੀਂ ਸਰਕਾਰ ਤੋਂ ਵਾਰ-ਵਾਰ ਮੰਗ ਕੀਤੀ ਸੀ ਕਿ ਇਸ ਨੂੰ ਯਕੀਨੀ ਬਣਾਇਆ ਜਾਵੇ। ਇਸ ਲਈ ਅੱਜ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਸੀਂ 32 ਬੇਲਦਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ। ਪਹਿਲ ਦੇ ਆਧਾਰ 'ਤੇ ਇਹ ਪੱਕੇ ਹੋਣੇ ਚਾਹੀਦੇ ਹਨ।