Ludhiana News: ਕੜਾਕੇ ਦੀ ਠੰਢ ਤੇ ਧੁੰਦ ਦਾ ਫਾਇਦਾ ਗਲਤ ਅਨਸਰ ਵੀ ਭਰਪੂਰ ਚੁੱਕ ਰਹੇ ਹਨ। ਇੰਨੀ ਠੰਢ 'ਚ ਰਾਤ ਨੂੰ ਕਿਸ ਨੇ ਪੁੱਛਣਾ ਹੈ, ਇਹ ਸੋਚ ਗਲਤ ਕੰਮ ਕਰਨ ਵਾਲਿਆਂ ਦੇ ਹੌਸਲੇ ਵੀ ਬੁਲੰਦ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਚੱਕੀ ਵਿੱਚ ਵੇਖਣ ਨੂੰ ਮਿਲਿਆ। ਇੱਥੇ ਰਾਤ ਨੂੰ ਰੇਤੇ ਦੇ ਨਾਜਾਇਜ਼ ਖਣਨ ਚੱਲ ਰਹੀ ਸੀ। ਸ਼ਿਕਾਇਤਾਂ ਮਿਲਣ ਮਗਰੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਧੀ ਰਾਤ ਨੂੰ ਜਾ ਛਾਪਾ ਮਾਰਿਆ।


ਉਨ੍ਹਾਂ ਨੇ ਚੱਲਦੇ ਰੇਤੇ ਦੇ ਨਾਜਾਇਜ਼ ਟੱਕ ’ਤੇ ਛਾਪਾ ਮਾਰ ਕੇ ਛੇ ਟ੍ਰੈਕਟਰ-ਟਰਾਲੀਆਂ ਪੁਲਿਸ ਦੇ ਸਪੁਰਦ ਕੀਤੀਆਂ ਹਨ, ਜਿਨ੍ਹਾਂ ਨੂੰ ਫਿਲਹਾਲ ਮਾਈਨਿੰਗ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਵਿਧਾਇਕ ਦਿਆਲਪੁਰਾ ਨੇ ਦੱਸਿਆ ਕਿ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਚੱਕੀ ਵਿੱਚ ਨਾਜਾਇਜ਼ ਖਣਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। 


ਉਨ੍ਹਾਂ ਦੱਸਿਆ ਕਿ ਦੇਰ ਰਾਤ ਲਗਪਗ 11 ਵਜੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਨੇੜੇ ਮਜ਼ਦੂਰਾਂ ਦੀ ਮਦਦ ਨਾਲ ਰੇਤੇ ਦੀਆਂ ਟ੍ਰੈਕਟਰ-ਟਰਾਲੀਆਂ ਭਰੀਆਂ ਜਾ ਰਹੀਆਂ ਹਨ ਤਾਂ ਉਹ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੂੰ ਨਾਲ ਲੈ ਕੇ ਮੌਕ ’ਤੇ ਪੁੱਜੇ ਤੇ ਰੇਤੇ ਦਾ ਨਾਜਾਇਜ਼ ਟੱਕ ਬੰਦ ਕਰਵਾਇਆ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਕਿਤੇ ਵੀ ਨਾਜਾਇਜ਼ ਮਾਈਨਿੰਗ ਜਾਂ ਗਲਤ ਕਾਰੋਬਾਰ ਨਹੀਂ ਹੋਣ ਦੇਣਗੇ। 



ਉਧਰ, ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਹੁਣ ਜੋ ਵੀ ਵਿਅਕਤੀ ਨਾਜਾਇਜ਼ ਖਣਨ ਕਰੇਗਾ, ਉਸ ਦੇ ਮਾਲਕ ’ਤੇ ਪਰਚਾ ਦਰਜ ਕਰਨ ਦੀ ਬਜਾਏ ਹੁਣ ਵਾਹਨ ਜ਼ਬਤ ਕਰ ਲਿਆ ਜਾਵੇਗਾ। ਮਾਈਨਿੰਗ ਵਿਭਾਗ ਹਰੇਕ ਟ੍ਰੈਕਟਰ-ਟਰਾਲੀ ਦੇ ਮਾਲਕ ਤੋਂ 1-1 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇਗਾ ਤਾਂ ਹੀ ਉਸ ਦਾ ਵਾਹਨ ਵਾਪਸ ਮਿਲੇਗਾ ਨਹੀਂ ਤਾਂ ਸਰਕਾਰੀ ਹਦਾਇਤਾਂ ਅਨੁਸਾਰ ਜੇਕਰ ਜੁਰਮਾਨਾ ਨਹੀਂ ਅਦਾ ਕਰਦਾ ਤਾਂ ਉਸ ਦਾ ਇਹ ਜ਼ਬਤ ਕੀਤਾ ਵਾਹਨ ਵੇਚ ਕੇ ਰਿਕਵਰੀ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।