Patiala News: ਡੀਜ਼ਲ ਲੈਣ ਜਾ ਰਹੇ ਕਿਸਾਨ ਨੂੰ ਛਬੀਲ ਉਪਰ ਪਾਣੀ ਪੀਣਾ ਮਹਿੰਗਾ ਪੈ ਗਿਆ। ਇਸ ਦੌਰਾਨ ਜੇਬ ਕਤਰਿਆਂ ਨੇ ਉਸ ਦੇ 45 ਹਜ਼ਾਰ ਰੁਪਏ ਉਡਾ ਲਏ। ਇਹ ਸਭ ਇੰਨੇ ਥੋੜ੍ਹੇ ਸਮੇਂ ਵਿੱਚ ਵਾਪਰਿਆਂ ਕਿ ਕਿਸਾਨ ਵੀ ਹੈਰਾਨ ਹੈ। ਹੁਣ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਪਰ ਭੀੜ ਵਾਲੀ ਥਾਂ ਹੋਣ ਕਰਕੇ ਜੇਬ ਕਤਰਿਆਂ ਨੂੰ ਫੜਨਾ ਸੌਖਾ ਕੰਮ ਨਹੀਂ।
ਹਾਸਲ ਜਾਣਕਾਰੀ ਮੁਤਾਬਕ ਪੈਟਰੋਲ ਪੰਪ ’ਤੇ ਡੀਜ਼ਲ ਭਰਵਾਉਣ ਜਾ ਰਹੇ ਘਨੌਰ ਨੇੜਲੇ ਪਿੰਡ ਖ਼ਾਨਪੁਰ ਬੜਿੰਗ ਦੇ ਇੱਕ ਕਿਸਾਨ ਦੀ ਜੇਬ ਵਿਚੋਂ ਜੇਬ ਕਤਰਿਆਂ ਨੇ 45 ਹਜ਼ਾਰ ਰੁਪਏ ਕੱਢ ਲਏ। ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਤੋਂ ਟਰੈਕਟਰ ਦੇ ਪਿੱਛੇ ਲਿਫ਼ਟ ਵਾਲ਼ੀ ਟਰਾਲੀ ਉਪਰ 200-200 ਲਿਟਰ ਦੇ 2 ਡਰੰਮ ਲੱਦ ਕੇ ਪੈਟਰੋਲ ਪੰਪ ਵਿਖੇ ਡੀਜ਼ਲ ਭਰਵਾਉਣ ਲਈ ਆ ਰਿਹਾ ਸੀ ਕਿ ਬੰਦ ਹੋ ਚੁੱਕੇ ਐਲਪਸ ਸਿਨੇਮਾ ਕੋਲ ਛਬੀਲ ਲੱਗੀ ਹੋਈ ਸੀ।
ਉਸ ਨੇ ਦੱਸਿਆ ਕਿ ਛਬੀਲ ਕਾਰਨ ਸੜਕ ਦੇ ਕਿਨਾਰੇ ’ਤੇ ਕਾਫ਼ੀ ਭੀੜ ਸੀ। ਉਸ ਨੇ ਵੀ ਆਪਣਾ ਟਰੈਕਟਰ ਰੋਕ ਲਿਆ ਤੇ ਡਰੰਮਾਂ ਦੇ ਢੱਕਣ ਚੈੱਕ ਕਰਨ ਲਗ ਪਿਆ ਤਾਂ ਇਕ ਅਣਪਛਾਤਾ ਵਿਅਕਤੀ ਉਸ ਨਾਲ ਖਹਿ ਕੇ ਲੰਘ ਗਿਆ। ਛਬੀਲ ਪੀਣ ਤੋਂ ਬਾਅਦ ਉਹ ਪੈਟਰੋਲ ਪੰਪ ’ਤੇ ਪਹੁੰਚਿਆ।
ਉਸ ਨੇ ਡੀਜ਼ਲ ਭਰਵਾਉਣ ਤੋਂ ਬਾਅਦ ਜਦੋਂ ਆਪਣੇ ਕੁੜਤੇ ਦੇ ਖੀਸੇ ਵਿਚ ਪੈਸੇ ਕੱਢਣ ਲਈ ਹੱਥ ਪਾਇਆ ਤਾਂ ਉਸ ਨੇ ਦੇਖਿਆ ਕਿ ਖੀਸੇ ਵਿਚ ਪੈਸੇ ਨਹੀਂ ਹਨ। ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਛਬੀਲ ਮੌਕੇ ਉਸ ਕੋਲੋਂ ਖਹਿ ਕੇ ਲੰਘੇ ਵਿਅਕਤੀ ਨੇ ਹੀ ਉਸ ਦੀ ਜੇਬ ਸਾਫ਼ ਕੀਤੀ ਹੋ ਸਕਦੀ ਹੈ। ਪੀੜਤ ਕਿਸਾਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।