Patiala News: ਪੰਜਾਬ ਅੰਦਰ ਲੁਟਾਂ-ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਦਾ ਹੋਣਾ ਲਗਾਤਾਰ ਜਾਰੀ ਹੈ। ਕਤਲ ਭਾਵੇਂ ਘਰੇਲੂ ਕਲੇਸ਼ ਕਾਰਨ ਹੋਣ ਜਾਂ ਫੇਰ ਇਸ ਤੋਂ ਇਲਾਵਾ ਨਾਜਾਇਜ਼ ਸਬੰਧਾਂ ਕਾਰਨ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਨਾਭਾ ਦੇ ਮਹੱਲਾ ਕਰਤਾਰਪੁਰਾ ਤੋਂ ਸਾਹਮਣੇ ਆਇਆ। 


ਇਸ ਵਿੱਚ ਸੁਨੀਤਾ ਰਾਣੀ ਨਾਮ ਦੀ 40 ਸਾਲਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਹ ਤਿੰਨ ਬੱਚਿਆਂ ਦੋ ਪੁੱਤਰ ਤੇ ਇੱਕ ਧੀ ਦੀ ਮਾਂ ਸੀ। ਕਤਲ ਦੇ ਸਮੇਂ ਉਸ ਦੀ ਧੀ ਮਹਿਕ ਚੁਬਾਰੇ ਉੱਪਰ ਸੈਰ ਕਰ ਰਹੀ ਸੀ ਤੇ ਇੱਕ ਪੁੱਤਰ ਨਾਲ ਦੇ ਕਮਰੇ ਵਿੱਚ ਗਾਣੇ ਸੁਣ ਰਿਹਾ ਸੀ। 


ਦਰਅਸਲ ਕਰਤਾਰਪੁਰਾ ਮੁਹੱਲੇ ਦਾ ਵਸਨੀਕ ਰਾਜੇਸ਼ ਕੁਮਾਰ ਆਪਣਾ ਤੇ ਪਰਿਵਾਰ ਦਾ ਪੇਟ ਭਰਨ ਲਈ ਕੰਮ ਕਰਨ ਵਾਸਤੇ ਰੋਜ਼ਾਨਾ ਪਟਿਆਲਾ ਜਾਂਦਾ ਹੈ। ਰੋਜ਼ਾਨਾ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਦਾ ਹੈ। ਘਰ ਵਿੱਚ ਉਸ ਦੇ ਦੋ ਭਰਾ ਅਸ਼ੋਕ ਕੁਮਾਰ ਤੇ ਸੰਜੀਵ ਕੁਮਾਰ ਸੋਨੂੰ ਤੋਂ ਇਲਾਵਾ ਉਸ ਦੇ ਪਿਤਾ ਵੀ ਰਹਿੰਦੇ ਹਨ। ਸੋਨੂੰ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।


ਮ੍ਰਿਤਕ ਸੁਨੀਤਾ ਰਾਣੀ ਦੇ ਪੁੱਤਰ ਚਿਰਾਗ ਵੱਲੋਂ ਆਪਣੇ ਚਾਚੇ ਸੰਜੀਵ ਕੁਮਾਰ ਸੋਨੂੰ ਉੱਪਰ ਹੀ ਆਪਣੀ ਮਾਂ ਦੇ ਕਤਲ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਚਿਰਾਗ ਮੁਤਾਬਕ ਉਸ ਦਾ ਚਾਚਾ ਉਸ ਦੀ ਮਾਂ ਨੂੰ ਕਿਸੇ ਨਾਲ ਗੱਲ ਕਰਨ ਤੋਂ ਰੋਕਦਾ ਸੀ ਤੇ ਅਕਸਰ ਉਸ ਦੀ ਮਾਂ ਨਾਲ ਲੜਦਾ ਰਹਿੰਦਾ ਸੀ। ਜਦੋਂਕਿ ਉਸ ਦੀ ਧੀ ਮਹਿਕ ਵੱਲੋਂ ਮਾਂ ਦੇ ਪੇਟ ਉੱਪਰ ਖੂਨ ਦੇ ਨਿਸ਼ਾਨ ਤੇ ਮੂੰਹ ਵਿੱਚ ਸੁਆਹ ਵਰਗੀ ਕੋਈ ਚੀਜ਼ ਪਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। 



ਮਹਿਕ ਮੁਤਾਬਕ ਉਸ ਦੇ ਭਰਾ ਨੇ ਸੋਨੂੰ ਨੂੰ ਘਰ ਵਿੱਚੋਂ ਬਾਹਰ ਜਾਂਦਿਆਂ ਦੇਖਿਆ ਹੈ। ਕੁਝ ਦਿਨ ਪਹਿਲਾਂ ਵੀ ਪਰਿਵਾਰ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਪੁਲਿਸ ਵੱਲੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸੁਨੀਤਾ ਰਾਣੀ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ।


ਕੋਤਵਾਲੀ ਮੁਖੀ ਹੈਰੀ ਬੋਪਾਰਾਏ ਵੱਲੋਂ ਪੁਲਿਸ ਪਾਰਟੀ ਸਮੇਤ ਆ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਨਾਜਰ ਸਿੰਘ  ਮੁਤਾਬਕ 7:00 ਵਜੇ ਦੇ ਕਰੀਬ ਟੈਲੀਫੋਨ ਆਇਆ ਸੀ। ਲਾਸ਼ ਉੱਪਰ ਖੂਨ ਦੇ ਨਿਸ਼ਾਨ ਸਨ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।