Patiala News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾ ਕੇ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਕੌਮੀ ਨਾਇਕਾਂ ਦੇ ਸੁਪਨੇ ਸਾਕਾਰ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਆਪਣੇ ਖੂਨ ਦਾ ਇਕ-ਇਕ ਕਤਰਾ ਲੇਖੇ ਲਾ ਦੇਣਗੇ।




ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇੱਥੇ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਵਿਚ ਪੈਦਾਇਸ਼ੀ ਤੌਰ ਉਤੇ ਅਗਵਾਈ ਕਰਨ ਦੀ ਕਾਬਲੀਅਤ ਹੁੰਦੀ ਹੈ ਅਤੇ ਇਹ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਰਹਿ ਸਕਦੇ ਪਰ ਪੰਜਾਬੀਆਂ ਦੀ ਬੇਅੰਤ ਊਰਜਾ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ, ਜਿਸ ਲਈ ਸੂਬਾ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ, “ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਉਪਰਾਲਿਆਂ ਸਦਕਾ ਪੰਜਾਬ, ਦੇਸ਼ ਦਾ ਸਿਰਮੌਰ ਸੂਬਾ ਹੋਵੇਗਾ। ਇਕ ਵਾਰ ਪੰਜਾਬ ਨੇ ਦੇਸ਼ ਦੀ ਅਗਵਾਈ ਕਰ ਲਈ ਤਾਂ ਉਸ ਵੇਲੇ ਭਾਰਤ, ਦੁਨੀਆ ਨੂੰ ਸੇਧ ਦੇਵੇਗਾ।” ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਬੰਧ ਵਿਚ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਇਸ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜੋ ਸਹੀ ਮਾਅਨਿਆਂ ਵਿਚ ਸਾਡੇ ਕੌਮੀ ਨਾਇਕਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ ਨਿਭਾਈ ਗਈ ਭੂਮਿਕਾ ਸੂਰਬੀਰਤਾ ਅਤੇ ਕੁਰਬਾਨੀ ਦੀ ਅਜਿਹੀ ਮਿਸਾਲ ਹੈ, ਜਿਸ ਦਾ ਦੁਨੀਆ ਭਰ ਵਿੱਚ ਕੋਈ ਸਾਨੀ ਨਹੀਂ। ਉਨ੍ਹਾਂ ਕਿਹਾ ਕਿ 80 ਫੀਸਦੀ ਤੋਂ ਵੱਧ ਮਹਾਨ ਯੋਧੇ ਅਤੇ ਦੇਸ਼ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ, ਪੰਜਾਬੀ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਰਾਮ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰਾਂ ਸੂਰਬੀਰਾਂ ਨੇ ਆਜ਼ਾਦੀ ਦੇ ਉਦੇਸ਼ ਦੀ ਪ੍ਰਾਪਤੀ ਲਈ ਆਪਣੇ ਖੂਨ ਦੀ ਇੱਕ-ਇੱਕ ਬੂੰਦ ਲੇਖੇ ਲਾ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਅੱਜ ਵੀ ਇਸ ਸੂਬੇ ਦੇ ਬਹਾਦਰ ਲੋਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਦੇਸ਼ ਦੇ ਸਰਬਪੱਖੀ ਵਿਕਾਸ ਦੇ ਯੁੱਗ ਦੀ ਸ਼ੁਰੂਆਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਨੂੰ ਅੰਦਰੂਨੀ ਜਾਂ ਬਾਹਰੀ ਹਮਲੇ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਬਹਾਦਰ ਪੰਜਾਬੀਆਂ ਨੇ ਹਮੇਸ਼ਾ ਮੋਹਰੀ ਹੋ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਗੱਲ ਦੁਨੀਆ ਜਾਣਦੀ ਹੈ ਕਿ ਸੂਬੇ ਦੇ ਮਿਹਨਤਕਸ਼ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੀ ਅੰਨ ਸੁਰੱਖਿਆ ਲਈ ਜਰਖੇਜ਼ ਮਿੱਟੀ ਅਤੇ ਪਾਣੀ ਦੇ ਰੂਪ ਵਿੱਚ ਬੇਸ਼ਕੀਮਤੀ ਕੁਦਰਤੀ ਸੋਮੇ ਵੀ ਦਾਅ ਉਤੇ ਲਾ ਦਿੱਤੇ। ਉਨ੍ਹਾਂ ਕਿਹਾ ਕਿ ਮੌਸਮ ਦੇ ਹਾਲਾਤ ਅਨੁਕੂਲ ਨਾ ਹੋਣ ਦੇ ਬਾਵਜੂਦ ਕੌਮੀ ਅਨਾਜ ਭੰਡਾਰ ਵਿੱਚ ਸੂਬੇ ਦਾ ਯੋਗਦਾਨ ਹਮੇਸ਼ਾ ਸਿਖਰ 'ਤੇ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਆਧੁਨਿਕ ਭਾਰਤ ਦੀ ਸਿਰਜਣਾ ਵਿੱਚ ਪੰਜਾਬੀਆਂ ਦੀ ਸ਼ਾਨਦਾਰ ਭੂਮਿਕਾ ਨੂੰ ਵੀ ਚੇਤੇ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਦੇਸ਼ ਦੀ ਸੇਵਾ ਕਰਨ ਅਤੇ ਜਬਰ-ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਲੜਨ ਦਾ ਜਜ਼ਬਾ ਮਹਾਨ ਗੁਰੂਆਂ ਪਾਸੋਂ ਵਿਰਸੇ ਦੇ ਰੂਪ ਵਿਚ ਮਿਲਿਆ ਹੈ ਅਤੇ ਅੱਜ ਵੀ ਪੰਜਾਬੀ ਅਨਿਆਂ ਦੇ ਖਿਲਾਫ਼ ਡਟ ਕੇ ਖੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਗਲਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਜਦੋਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅੱਤਿਆਚਾਰ ਦੇ ਵਿਰੁੱਧ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੀ ਖ਼ਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਪੰਜਾਬ ਦੇ ਹਰ ਪਿੰਡ ਤੋਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸੂਬੇ ਦੇ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਚਾਹੇ ਉਹ ਪਾਕਿਸਤਾਨ, ਬੰਗਲਾਦੇਸ਼ ਜਾਂ ਚੀਨ ਦੀਆਂ ਸਰਹੱਦਾਂ ਹੋਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁਝ ਲੋਕ ਭਰਮ-ਭੁਲੇਖੇ ਦਾ ਏਨੀ ਬੁਰੀ ਤਰ੍ਹਾਂ ਸ਼ਿਕਾਰ ਹਨ ਕਿ ਉਹ ਸਾਨੂੰ ਵਤਨਪ੍ਰਸਤੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਤਨਪ੍ਰਸਤੀ ਲਈ ਪੰਜਾਬੀਆਂ ਨੂੰ ਇਨ੍ਹਾਂ 'ਫਰਜ਼ੀ ਰਾਸ਼ਟਰਵਾਦੀਆਂ' ਤੋਂ ਐਨ.ਓ.ਸੀ. ਦੀ ਲੋੜ ਨਹੀਂ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਅਤੇ ਦੇਸ਼ ਭਗਤਾਂ ਦਾ ਇੱਕ-ਨੁਕਾਤੀ ਏਜੰਡਾ ਦੇਸ਼ ਨੂੰ ਸਾਮਰਾਜਦਵਾਦ ਤੋਂ ਮੁਕਤ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਹਮੇਸ਼ਾ ਇਹ ਚਿੰਤਾ ਰਹਿੰਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਨ੍ਹਾਂ ਦੇ ਹੱਥਾਂ ਵਿੱਚ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਭ੍ਰਿਸ਼ਟਾਚਾਰ, ਗਰੀਬੀ, ਬੇਰੁਜ਼ਗਾਰੀ ਆਦਿ ਦੇ ਜੰਜਾਲ ਵਿੱਚ ਜਕੜਿਆ ਹੋਇਆ ਹੈ।
ਮੁੱਖ ਮੰਤਰੀ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਨੇ ਆਜ਼ਾਦੀ ਸੰਗਰਾਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ, ਪਰ ਇਸ ਨੂੰ ਦੇਸ਼ ਦੇ ਬਟਵਾਰੇ ਦਾ ਖਾਮਿਆਜ਼ਾ ਵੀ ਭੁਗਤਣਾ ਪਿਆ ਕਿਉਂਕਿ 10 ਲੱਖ ਲੋਕ ਹਿਜਰਤ ਕਰ ਗਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਵੱਲੋਂ ਖਿੱਚੀ ਗਈ ਲਕੀਰ ਨੇ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬੀਆਂ ਨੂੰ ਡੂੰਘੇ ਜ਼ਖਮ ਦਿੱਤੇ ਹਨ।