Patiala Crime News : ਪਟਿਆਲਾ ਵਿੱਚ ਪਾਤੜਾਂ ਦੇ ਪਿੰਡ ਕੰਗਥਲਾ ਤੋਂ ਦਿਲ ਦਹਿਲਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਨੇ ਇੱਕ ਪਰਿਵਾਰ ਨੂੰ ਖਤਮ ਕਰ ਦਿੱਤਾ। ਇੱਥੇ ਇੱਕ ਨਸ਼ੇੜੀ ਪੁੱਤੇ ਨੇ ਆਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਸਾਰੀ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਦੋਸ਼ੀ ਦੀ ਉਸ ਦੇ ਦੋਸਤਾਂ ਨੇ ਮਦਦ ਕੀਤੀ।
ਜ਼ਿਕਰਯੋਗ ਹੈ ਕਿ ਨਸ਼ੇੜੀ ਪੁੱਤ ਵੱਲੋਂ ਦੋ ਸਾਥੀਆਂ ਨਾਲ ਮਿਲ ਕੇ ਆਪਣੀ ਮਾਂ ਪਰਮਜੀਤ ਕੌਰ ਨੂੰ ਮਾਰ ਕੇ ਉਸ ਦੇ ਟੁਕੜੇ-ਟੁਕੜੇ ਕਰਕੇ ਸੜ ਦਿੱਤਾ ਗਿਆ ਅਤੇ ਭਰਾ ਜਸਵਿੰਦਰ ਸਿੰਘ ਨੂੰ ਮਾਰਕੇ ਉਸ ਦੀ ਲਾਸ਼ ਨੂੰ ਡਰੇਨ ਵਿਚ ਸੁਟ ਦਿੱਤਾ ਗਿਆ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਨੁਸਾਰ ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਮੁਲਜ਼ਮ ਪੁੱਤ ਨੇ ਅਜਿਹਾ ਕੀਤਾ ਹੈ। ਜਿੱਥੇ ਮਾਂ ਨਾਲ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਉਥੇ ਹੀ ਭਰਾ ਵੱਲੋਂ ਮੌਕੇ ਉੱਤੇ ਆ ਜਾਣ 'ਤੇ ਉਸ ਨੂੰ ਵੀ ਮਾਰਕੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ। ਜਦੋਂ ਇਸ ਦਾ ਗੁਆਢੀਆਂ ਨੂੰ ਸ਼ੱਕ ਪਿਆ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਗੁਰਵਿੰਦਰ ਸਿੰਘ, ਰਜਿੰਦਰ ਸਿੰਘ ਤੇ ਰਣਜੀਤ ਸਿੰਘ ਵਾਸੀ ਕੰਗਥਲਾ ਦੇ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਿਵੇਂ ਲੱਗਾ ਘਟਨਾ ਦਾ ਪਤਾ?
ਗੁਆਂਢੀਆਂ ਨੂੰ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆ ਰਹੀ ਸੀ, ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਬੰਡਲ ਸੜ ਰਿਹਾ ਸੀ ਅਤੇ ਉਹ ਵੀ ਖੂਨ ਨਾਲ ਲੱਥਪੱਥ ਸੀ। ਐਸਐਚਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਖੂਨ ਦੇ ਨਮੂਨੇ, ਪਿੰਜਰ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਦੋਸ਼ੀ ਨਸ਼ਾ ਕਰਕੇ ਪੈਸੇ ਦੀ ਮੰਗ ਕਰਦਾ ਸੀ। ਨਸ਼ੇ ਕਾਰਨ ਉਸ ਦੀ ਜ਼ਮੀਨ ਵਿਕ ਗਈ। ਮ੍ਰਿਤਕ ਔਰਤ ਦੇ ਦੋ ਵਿਆਹ ਹੋਏ ਸੀ। ਪਹਿਲੇ ਵਿਆਹ ਵਿੱਚ ਪਤੀ ਪੈਸੇ ਕਮਾਉਣ ਲਈ ਜਰਮਨੀ ਗਿਆ ਸੀ ਅਤੇ ਉਥੋਂ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਮ੍ਰਿਤਕ ਔਰਤ ਦਾ ਦੂਜਾ ਵਿਆਹ ਹੋਇਆ ਅਤੇ ਇਸ ਕਤਲ ਨੂੰ ਅੰਜ਼ਾਮ ਦੇਣ ਵਾਲਾ ਵਿਅਕਤੀ ਗੁਰਵਿੰਦਰ ਸਿੰਘ ਹੈ, ਜੋ ਕਿ ਉਸ ਦੇ ਪਹਿਲੇ ਵਿਆਹ ਤੋਂ ਪੁੱਤਰ ਹੈ ਅਤੇ ਉਨ੍ਹਾਂ ਨਾਲ ਹੀ ਰਹਿੰਦਾ ਸੀ। ਮੁਲਜ਼ਮ ਅਜੇ ਫ਼ਰਾਰ ਹੈ ਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।