ਪਟਿਆਲਾ: ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਵਿਰੋਧੀ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਵਪਾਰੀ ਭਾਈਚਾਰੇ ਦੇ ਵੱਖ-ਵੱਖ ਮੈਂਬਰਾਂ ਖ਼ਿਲਾਫ਼ ਸਿਆਸੀ ਤੌਰ ’ਤੇ ਪ੍ਰੇਰਿਤ ਜ਼ਬਰਦਸਤੀ ਕਾਰਵਾਈ ਕਰ ਰਿਹਾ ਹੈ।


ਸਾਂਸਦ ਪ੍ਰਨੀਤ ਕੌਰ ਨੇ ਪਟਿਆਲਾ ਦੇ ਮੇਅਰ ਅਤੇ ਕੌਂਸਲਰਾਂ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਨਿਗਮ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਵਾਲੀ ਕਾਰਵਾਈ ਨੂੰ ਉਜਾਗਰ ਕੀਤਾ ਗਿਆ ਜਿਸ ਤਹਿਤ ਉਨ੍ਹਾਂ ਵੱਲੋਂ 250 ਦੇ ਕਰੀਬ ਵਪਾਰਕ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।


ਬਾਅਦ ਵਿੱਚ ਮੀਡੀਆ ਨਾਲ ਸਾਂਝੇ ਕੀਤੇ ਗਏ ਮੈਮੋਰੰਡਮ ਵਿੱਚ, ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, “ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਤੁਹਾਡੇ ਦਫ਼ਤਰ ਵੱਲੋਂ ਵਪਾਰਕ ਭਾਈਚਾਰੇ ਦੇ ਵੱਖ-ਵੱਖ ਮੈਂਬਰਾਂ ਜਾਂ ਦੂਜੀਆਂ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਵਿਰੁੱਧ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ। ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੱਤਾਧਾਰੀ ਪਾਰਟੀ ਤੁਹਾਡੇ ਦਫ਼ਤਰ ਰਾਹੀਂ ਦੁਕਾਨਾਂ ਨੂੰ ਸੀਲ ਕਰ ਰਹੀ ਹੈ। ਨਿਗਮ ਵੱਲੋਂ 250 ਤੋਂ ਵੱਧ ਵਪਾਰਕ ਦੁਕਾਨਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ।"


ਰਾਜਾ ਵੜਿੰਗ ਵੱਲੋਂ ਉਨ੍ਹਾਂ 'ਤੇ ਲਗਾਤਾਰ ਹੋ ਰਹੇ ਹਮਲੇ ਬਾਰੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਰਾਜਾ ਵੜਿੰਗ ਦੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ, ਮੈਂਇੱਕ ਚੁਣੀ ਹੋਈ ਸੰਸਦ ਮੈਂਬਰ ਹਾਂ ਅਤੇ ਪਾਰਟੀ ਵਿੱਚ ਮੇਰਾ ਭਵਿੱਖ ਦਾ ਫੈਸਲਾ ਕਰਨਾ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਅਧਿਕਾਰ ਹੈ। ਰਾਜਾ ਵੜਿੰਗ ਦੀ ਇਸ ਵਿੱਚ ਕੋਈ ਗੱਲ ਨਹੀਂ ਹੈ ਅਤੇ ਉਸ ਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ।


ਰਾਜਾ ਵੜਿੰਗ ਵੱਲੋਂ 2024 ਦੀਆਂ ਚੋਣਾਂ ਲੜਨ ਬਾਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਪਟਿਆਲਾ ਦੇ ਸੰਸਦ ਮੈਂਬਰ ਨੇ ਭਰੋਸਾ ਦਿੱਤਾ ਕਿ ਪਰਿਵਾਰ ਵਿੱਚੋਂ ਹੀ ਕੋਈ ਵਿਅਕਤੀ ਆਉਣ ਵਾਲੀਆਂ ਚੋਣਾਂ ਜ਼ਰੂਰ ਲੜੇਗਾ।


ਇਹ ਵੀ ਪੜ੍ਹੋ: congress conflict: ਨਵਜੋਤ ਸਿੱਧੂ ਦੇ ਕਰੀਬੀ ਲਾਲੀ ਨੂੰ 6 ਸਾਲਾਂ ਲਈ ਕਾਂਗਰਸ ਚੋਂ ਕੱਢਿਆ ਬਾਹਰ