Patiala News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰਾਜਪੁਰਾ ਥਰਮਲ ਪਲਾਂਟ ਦੇ ਨਾਲ ਨਾਲ ਸਾਰੀਆਂ ਡਰੇਨਾਂ ਦੀ ਨਿਸ਼ਾਨਦੇਹੀ ਤੇ ਸਫਾਈ ਦੀ ਮੰਗ ਕੀਤੀ ,ਜਿਸ ਕਾਰਨ ਇਲਾਕਾ ਝੀਲ ਵਿਚ ਬਦਲ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਰਾਜਪੁਰਾ, ਘਨੌਰ, ਸਨੌਰ, ਸਮਾਣਾ ਤੇ ਪਟਿਆਲਾ ਦਿਹਾਤੀ ਹਲਕਿਆਂ ਦਾ ਦੌਰਾ ਕੀਤਾ ਤੇ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਰਲ ਕੇ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਤਾਲਮੇਲ ਕੀਤਾ।



ਰਾਜਪੁਰਾ ਥਰਮਲ ਪਲਾਂਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿੰਡਾਂ ਵਾਲਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਸੈਂਕੜੇ ਏਕੜਾਂ ਵਿਚ ਫਸਲ ਡੁੱਬ ਗਈ ਹੈ ਕਿਉਂਕਿ ਇਥੋਂ ਲੰਘਦੀ ਇਕ ਕੁਦਰਤੀ ਡਰੇਨ ਥਰਮਲ ਪਲਾਂਟ ਵੱਲੋਂ ਪੂਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪਿੰਡਾਂ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿਚੋਂ ਪੰਪਾਂ ਰਾਹੀਂ ਪਾਣੀ ਬਾਹਰ ਕੱਢਿਆ ਜਾਵੇ ਪਰ ਇਸ ਬਾਬਤ ਹਾਲੇ ਤੱਕ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸਰਦਾਰ ਬਾਦਲ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰ ਕੇ ਉਹਨਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਬੇਨਤੀ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਤੁਰੰਤ ਕਦਮ ਚੁੱਕੇ ਜਾਣ। ਉਹਨਾਂ ਦੱਸਿਆ ਕਿ ਜੇਕਰ ਅਗਲੇ ਦੋ ਦਿਨਾਂ ਵਿਚ ਇਹ ਕੰਮ ਨਹੀਂ ਕੀਤਾ ਗਿਆ ਤਾਂ ਅਸੀਂ ਆਪ ਕਦਮ ਚੁੱਕ ਕੇ ਆਪਣੇ ਪੱਧਰ ’ਤੇ ਪਾਣੀ ਕੱਢਣ ਲਈ ਮਜਬੂਰ ਹੋਵਾਂਗੇ।

ਸਰਦਾਰ ਬਾਦਲ ਨੇ ਘਨੌਰ ਹਲਕੇ ਦੇ ਪਿੰਡ ਲਾਛੜੂ ਖੁਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿਚ ਸਰਾਲਾ ਖੁਰਦ ਸਮੇਤ ਪਿੰਡ ਪਾਣੀ ਵਿਚ ਡੁੱਬੇ ਹੋਏ ਹਨ ਪਰ ਲੋਕਾਂ ਨੂੰ ਰਾਹਤ ਦੇਣ ਵਾਸਤੇ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਉਹਨਾਂ ਕਿਹਾ ਕਿ ਕਈ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਪਸ਼ੂਆਂ ਲਈ ਚਾਰਾ ਨਹੀਂ ਮਿਲਿਆ ਤੇ ਨਾ ਹੀ ਮੈਡੀਕਲ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਇਲਾਕੇ ਵਿਚ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਲੰਗਰ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਮੈਂ ਵੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਜਿਥੇ ਕਿਤੇ ਲੋੜ ਹੋਵੇ ਮੈਡੀਕਲ ਰਾਹਤ ਪ੍ਰਦਾਨ ਕਰੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਦਾ ਇਲਾਕੇ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸੇ ਕਾਰਨ ਅਫਸਰ ਇਸ ਇਲਾਕੇ ਤੱਕ ਪਹੁੰਚ ਨਹੀਂ ਸਕੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਹੜ੍ਹ ਮਾਰੇ ਸਾਰੇ ਖੇਤਰਾਂ ਦਾ ਦੌਰਾ ਕਰਨ ਤਾਂ ਜੋ ਪ੍ਰਭਾਵਤ ਲੋਕਾਂ ਨੂੰ ਫੌਰੀ ਰਾਹਤ ਪ੍ਰਦਾਨ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ ਸੁੱਤੀ ਪਈ ਫੜੀਗਈ  ਹੈ ਤੇ ਇਸਨੇ ਲੋਕਾਂ ਦੀਆਂ ਮੁਸ਼ਕਿਲਾਂ ਘਟਾਉਣ ਵਾਸਤੇ ਅਗਾਊਂ ਕੋਈ ਕਦਮ ਨਹੀਂ ਚੁੱਕੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹੋਰ ਰਾਜਾਂ ਵਿਚ ਲੈ ਕੇ ਜਾਣ ਵਿਚ ਰੁੱਝੇ ਹਨ ਜਿਸ ਕਾਰਨ ਹੜ੍ਹ ਰੋਕੂ ਕਦਮ ਸਮੇਂ ਸਿਰ ਨਹੀਂ ਚੁੱਕੇ ਜਾ ਸਕੇ।

ਸਰਦਾਰ ਬਾਦਲ ਨੇ ਇਸ ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਸਨੌਰ ਤੇ ਸਮਾਣਾ ਹਲਕਿਆਂ ਵਿਚ ਕੁਝ ਪਿੰਡਾਂ ਵਿਚ ਰਾਹਤ ਸਮੱਗਰੀ ਹਾਲੇ ਤੱਕ ਨਹੀਂ ਪਹੁੰਚ ਸਕੀ ਤੇ ਉਹਨਾਂ ਮੰਗ ਕੀਤੀ ਕਿ ਖਾਣੇ ਦੇ ਪੈਕਟ, ਹਰਾ ਚਾਰਾ ਤੇ ਦਵਾਈਆਂ ਦੇ ਨਾਲ ਹੀ ਮੈਡੀਕਲ ਟੀਮਾਂ ਪ੍ਰਭਾਵਤ ਇਲਾਕਿਆਂ ਵਿਚ ਭੇਜੀਆਂ ਜਾਣ। ਉਹਨਾਂ ਕਿਹਾ ਕਿ ਲੋਕ ਤੁਰੰਤ ਰਾਹਤ ਵਾਸਤੇ ਆਪ ਸਰਕਾਰ ਵੱਲ ਵੇਖ ਰਹੇ ਹਨ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰ ਬਰਸਾਤਾਂ ਤੇ ਹੜ੍ਹਾਂ ਕਾਰਨ ਢਹਿ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਸਰਦਾਰ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਪਹੁੰਚ ਕਰ ਕੇ ਮੌਜੂਦਾ ਹਾਲਾਤਾਂ ਨੂੰ ਕੁਦਰਤੀ ਆਫਤ ਐਲਾਨਣ ਦੀ ਅਪੀਲ ਕਰਨੀ ਚਾਹੀਦੀ ਹੈ ਤਾਂ ਜੋ ਕੌਮੀ ਕੁਦਰਤੀ ਆਫਤ ਪ੍ਰਬੰਧ ਫੰਡ ਵਿਚੋਂ ਫੰਡ ਹਾਸਲ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਦੌਰਾਨ ਹੀ ਸਰਕਾਰ ਨੂੰ ਘਰੋਂ ਬੇਘਰ ਹੋਏ ਲੋਕਾਂ ਵਾਸਤੇ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਕਿਸਾਨਾਂ ਤੇ ਗਰੀਬ ਲੋਕਾਂ ਵਾਸਤੇ ਵੀ ਰਾਹਤ ਦਾ ਐਲਾਨ ਕਰਨਾ ਚਾਹੀਦਾ ਹੈ ਜਿਹਨਾਂ ਦਾ ਵੱਡਾ ਨੁਕਸਾਨ ਹੋਇਆ।