Patiala News: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਹਲਕਾ ਸਮਾਣਾ ਦੇ ਪਿੰਡ ਢੈਂਠਲ ਵਿਖੇ ਭਾਖੜਾ ‘ਤੇ ਪੁੱਲ ਦੀ ਉਸਾਰੀ ਕਾਰਜ ਸ਼ੁਰੂ ਕਰਵਾਉਣ ਲਈ ਨੀਂਹ ਪੱਥਰ ਰੱਖਿਆ। ਜੌੜਾਮਾਜਰਾ ਨੇ ਦੱਸਿਆ ਕਿ ਇਸ ਪੁਲ ਨੂੰ ਬਣਾਉਣ ਲਈ ਇਲਾਕੇ ਦੇ ਲੋਕਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀ ਕਰਦਿਆਂ ਪੰਜਾਬ ਮੰਡੀ ਬੋਰਡ ਰਾਹੀਂ 4 ਕਰੋੜ ਰੁਪਏ ਜਾਰੀ ਕੀਤੇ ਹਨ।






ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਸ ਪੁੱਲ ਦੇ ਬਣਨ ਨਾਲ ਇਲਾਕੇ ਦੇ 60 ਪਿੰਡਾਂ ਨਾਲ ਸੰਪਰਕ ਜੁੜੇਗਾ ਕਿਉਂਕਿ ਇਹ ਸੜਕ ਇਨ੍ਹਾਂ ਪਿੰਡਾਂ ਨੂੰ ਅੱਗੇ ਸਮਾਣਾ ਸ਼ਹਿਰ ਨਾਲ ਜੋੜਦੀ ਹੈ ਅਤੇ ਨਵਾਂ ਪੁੱਲ ਬਣਨ ਨਾਲ ਕੁਲ 100 ਪਿੰਡਾਂ ਦੇ ਵਸਨੀਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵਿਸ਼ੇਸ ਧੰਨਵਾਦ ਕੀਤਾ, ਜਿਨ੍ਹਾਂ ਨੇ ਕਰੀਬ 70 ਸਾਲ ਪੁਰਾਣੇ ਇਸ ਪੁੱਲ ਨੂੰ ਨਵਾਂ ਬਣਾਉਣ ਦੀ ਮਨਜੂਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਢੇ 7 ਮੀਟਰ ਤੇ 44 ਮੀਟਰ ਲੰਬਾ ਇਹ ਸਟੀਲ ਦਾ ਨਵਾਂ ਪੁੱਲ ਇਕ ਸਾਲ ‘ਚ ਬਣਕੇ ਤਿਆਰ ਹੋ ਜਾਵੇਗਾ।


ਚੇਤਨ ਸਿੰਘ ਜੌੜਾਮਾਜਰਾ ਜਿਨ੍ਹਾਂ ਕੋਲ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੰਗਰਾਮੀ ਵਿਭਾਗ ਵੀ ਹਨ, ਨੇ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਣਾ ਦੇ ਵਿਕਾਸ ਲਈ ਉਲੀਕੇ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਮਨਜੂਰੀ ਦਿੱਤੀ ਹੈ, ਜਿਨ੍ਹਾਂ ‘ਤੇ ਜਲਦੀ ਹੀ ਅਮਲ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੇ ਕਿਸੇ ਵੀ ਪਿੰਡ ‘ਚ ਕੋਈ ਵਿਕਾਸ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ। ਜੌੜਾਮਾਜਰਾ ਨੇ ਇਸ ਮੌਕੇ ਭਾਖੜਾ ਨਹਿਰ ਦੇ ਕਿਨਾਰਿਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਿੱਥੇ ਕਿਤੇ ਮੁਰੰਮਤ ਦੀ ਲੋੜ ਹੈ ਉਹ ਵੀ ਤੁਰੰਤ ਕਰਵਾਈ ਜਾਵੇਗੀ।