Malerkotla News :ਭਾਰਤ ਦੀ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਇੱਕ ਮਹੱਤਵਪੂਰਨ ਪੇਸ਼ਾ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ। ਮੱਛੀ ਪਾਲਣ ਦਾ ਧੰਦਾ ਖੇਤੀ ਵਿਭਿੰਨਤਾ , ਪੇਂਡੂ ਵਿਕਾਸ ਅਤੇ ਅਰਥ-ਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕੀਤਾ। ਉਨ੍ਹਾਂ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ /ਨੌਜਵਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਣਾਉਣ ਲਈ ਲੋੜੀਂਦੀਆਂ ਮੁੱਢਲੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਜ਼ਿਲ੍ਹੇ ਅੰਦਰ ਹੀ ਮੁਹੱਈਆ ਕਰਵਾਉਣ ਲਈ ਮੱਛੀ ਪਾਲਣ ਵਿਭਾਗ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵਿਖੇ ਕਾਰਜਸ਼ੀਲ ਹੋ ਚੁੱਕਾ ਹੈ।



ਡਾ ਪੱਲਵੀ ਨੇ ਕਿਹਾ ਕਿ  ਮੱਛੀ ਪਾਲਣ ਦਾ ਕਿੱਤਾ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਬਹੁਤ ਲਾਹੇਵੰਦ ਧੰਦਾ ਹੈ। ਇਹ ਕਿੱਤਾ ਕੁਦਰਤੀ ਆਫ਼ਤਾਂ ਜਿਵੇਂ ਕਿ ਬੇਮੌਸਮੀ ਬਰਸਾਤ, ਗੜਿਆਂ ਦੀ ਮਾਰ ਆਦਿ ਤੋਂ ਰਹਿਤ ਹੈ। ਇਸ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਦੱਸਿਆ ਕਿ  ਸਥਾਨਕ ਮੱਛੀ ਪਾਲਣ ਦਫ਼ਤਰ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁਲਿਤ ਕਰਨ ਲਈ 05 ਦਿਨ ਦਾ ਮੁਫ਼ਤ ਸਿਖਲਾਈ ਕੈਂਪ ਲਗਾਇਆ ਗਿਆ। ਮੱਛੀ ਪਾਲਣ ਦਾ ਕਿੱਤਾ ਕਰਨ ਦੇ ਚਾਹਵਾਨ ਸਿੱਖਿਆਰਥੀਆਂ ਨੂੰ ਮੱਛੀ ਪਾਲਣ, ਤਲਾਅ ਦੀ ਉਸਾਰੀ(ਪੁਟਾਈ), ਰੱਖ ਰਖਾਓ ,ਮੱਛੀ ਮਾਰਕੀਟਿੰਗ ਆਦਿ ਸਬੰਧੀ ਟਰੇਨਿੰਗ ਸ੍ਰੀ ਲਵਪ੍ਰੀਤ ਸਿੰਘ ਨੇ ਦਿੱਤੀ ।

5 ਰੋਜ਼ਾ ਸਿਖਲਾਈ ਕੈਂਪ ਦੌਰਾਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਚਰਨਜੀਤ ਸਿੰਘ ਨੇ ਸਿੱਖਿਆਰਥੀਆਂ ਨਾਲ ਵਿਭਾਗੀ ਸਕੀਮਾਂ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੀ.ਐਮ.ਐਮ.ਐਸ. ਸਕੀਮ ਤਹਿਤ ਨਵੇਂ ਮੱਛੀ ਤਲਾਅ ਦੀ ਉਸਾਰੀ ਤੇ ਯੂਨਿਟ ਕਾਸਟ 11.0 ਲੱਖ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।  ਨਵਾਂ ਯੂਨਿਟ ਸਥਾਪਿਤ ਕਰਨ ਤੇ ਜਰਨਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ 40 ਪ੍ਰਤੀਸ਼ਤ , ਐਸ.ਸੀ. ,ਐਸ.ਟੀ ਜਾ ਹੋਰ ਰਾਖਵੀਂ ਸ਼੍ਰੇਣੀਆਂ ਦੇ ਲਾਭਪਾਤਰੀਆਂ ਤੋਂ ਇਲਾਵਾ ਔਰਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਆਪਣਾ ਨਵਾਂ ਯੂਨਿਟ ਸਥਾਪਿਤ ਕਰਨ ਤੇ 60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। 


 

ਇਸ ਤੋਂ ਇਲਾਵਾ ਢੋਆ ਢੋਆਈ ਦੇ ਸਾਧਨਾ ਜਿਵੇਂ ਕਿ  ਸਾਈਕਲ ਸਮੇਤ ਆਈਸ ਬਾਕਸ, ਮੋਟਰਸਾਈਕਲ ਸਮੇਤ ਆਈਸ ਬਾਕਸ, ਆਟੋ ਰਿਕਸ਼ਾ ਸਮੇਤ ਆਈਸ ਬਾਕਸ, ਇਨਸੁਲੇਟਿਡ ਵੈਨਜ, ਰੈਫਰੀਜਰੇਟਿਡ ਵੈਨਜ ਤੋਂ ਇਲਾਵਾ ਫਿੱਸ਼ ਫੀਡ ਯੂਨਿਟ ਸਥਾਪਿਤ ਕਰਨ ਲਈ 40 ਤੋਂ 60 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਬੇ-ਜ਼ਮੀਨ ਨੌਜਵਾਨ ਮੱਛੀ ਪਾਲਣ ਦਾ ਕਿੱਤਾ ਪੰਚਾਇਤੀ ਜ਼ਮੀਨ  ਉੱਤੇ  ਨਰੇਗਾ ਸਕੀਮ ਅਧੀਨ ਸਾਫ਼ ਕੀਤੇ ਪੰਚਾਇਤੀ ਤਲਾਅ ਅਤੇ ਅੰਮ੍ਰਿਤ ਸਰੋਵਰਾਂ ਨੂੰ ਲੀਜ਼ ਤੇ ਲੈ ਕੇ ਮੱਛੀ ਪਾਲਣ ਦੇ ਕਿੱਤੇ ਸ਼ੁਰੂ ਕਰ ਸਕਦੇ ਹਨ ਅਤੇ  ਆਪਣੀ ਆਮਦਨ ਵਿੱਚ ਵਾਧਾ ਕਰਕੇ  ਆਰਥਿਕ ਤੌਰ ਤੇ ਆਤਮ ਨਿਰਭਰ ਹੋ ਸਕਦੇ ਹਨ ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ,ਬੇਰੁਜ਼ਗਾਰ ਨੌਜਵਾਨਾਂ ਨੂੰ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਵਿਭਾਗ ਵੱਲੋਂ ਹਰੇਕ ਮਹੀਨੇ ਮੁੱਢਲੀ ਸਿਖਲਾਈ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ।  ਮਹੀਨਾ ਸਤੰਬਰ ਦੌਰਾਨ ਪੰਜ ਦਿਨਾਂ ਮੁੱਢਲਾ ਸਿਖਲਾਈ ਕੈਂਪ 11 ਸਤੰਬਰ ਤੋਂ 15 ਸਤੰਬਰ 2023 ਤੱਕ ਲਗਾਇਆ ਜਾਵੇਗਾ । ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ, ਕਿਸਾਨਾਂ  ਅਤੇ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਇਸ ਸਿਖਲਾਈ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ । ਵਧੇਰੇ ਜਾਣਕਾਰੀ ਲਈ ਦਫ਼ਤਰ ਮੱਛੀ ਪਾਲਣ ਅਫ਼ਸਰ ਮਾਲੇਰਕੋਟਲਾ ਨੂੰ ਦਫ਼ਤਰ ਬਲਾਕ  ਵਿਕਾਸ ਅਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ-1 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।