Sangrur News : ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸਿੱਧੂ ਅੱਜ ਸੁਨਾਮ ਜਾਂਦੇ-ਜਾਂਦੇ ਅਚਾਨਕ ਸਿਵਲ ਹਸਪਤਾਲ ਭਵਾਨੀਗੜ੍ਹ (ਸੰਗਰੂਰ) ਵਿਖੇ ਰੁਕੇ। ਜਿੱਥੇ ਉਹਨਾਂ ਸਥਾਨਕ ਹਸਪਤਾਲ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਸੁਨਾਮ ਜਾ ਰਹੇ ਹਨ ਪਰੰਤੂ ਰਸਤੇ ਵਿਚ ਜਿੰਨ੍ਹੇ ਵੀ ਹਸਪਤਾਲ, ਡਿਸਪੈਂਸਰੀਆਂ ਅਤੇ ਆਮ ਆਦਮੀ ਕਲੀਨਿਕ ਆਏ ਹਨ ,ਸਾਰਿਆਂ ਦਾ ਨਿਰੀਖਣ ਕਰ ਰਹੇ ਹਾਂ।
ਭਵਾਨੀਗੜ੍ਹ ਦੇ ਸਿਵਲ ਹਸਪਤਾਲ ਵਿਖੇ ਡਾ. ਬਲਵੀਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਇੱਥੇ ਹਸਪਤਾਲ ਬਹੁਤ ਵੱਡਾ ਹੈ , ਲੋਕ ਖੁਸ਼ ਹਨ। ਜਦੋਂ ਦੀ ਆਪ ਸਰਕਾਰ ਆਈ ਹੈ ,ਉਹਨਾਂ ਨੂੰ ਦਵਾਈਆਂ ਵੀ ਮਿਲ ਰਹੀਆਂ ਹਨ ਅਤੇ ਟੈਸਟ ਵੀ ਹੋ ਰਹੇ ਹਨ। ਉਹਨਾਂ ਕਿਹਾ ਕਿ ਹਸਪਤਾਲ ਦੀ ਹਾਲਤ ਥੋੜੀ ਜਿਹੀ ਖਸਤਾ ਹੈ, ਇਸਨੂੰ ਪੇਂਟ ਕਰਵਾਇਆ ਜਾਵੇਗਾ ਅਤੇ ਇੱਥੇ ਲੋੜ ਅਨੁਸਾਰ ਬਿਲਡਿੰਗ ਵੀ ਬਣਾਈ ਜਾਵੇਗੀ ਅਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ 4 ਡਾਕਟਰ ਵੀ ਭੇਜੇ ਜਾਣਗੇ ਕਿਉਂਕਿ ਇਸ ਹਸਪਤਾਲ ਨੂੰ ਡਾਕਟਰਾਂ ਦੀ ਬਹੁਤ ਜਿਆਦਾ ਲੋੜ ਹੈ ਤਾਂ ਜੋ ਐਮਰਜੰਸੀ ਸਹੂਲਤਾਂ ਲੋਕਾਂ ਤੱਕ ਮੁਹੱਈਆ ਕਰਵਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਟੈਸਟ, ਦਵਾਈਆਂ ਅਤੇ ਹੋਰ ਬਿਹਤਰ ਸਹੂਲਤਾਂ ਦੇਣ ਲਈ ਮਾਨ ਸਰਕਾਰ ਵਚਨਵੱਧ ਹੈ ਕਿਉਂਕਿ ਇਸ ਹਸਪਤਾਲ ਨੂੰ ਬਹੁਤ ਵੱਡਾ ਪੇਂਡੂ ਇਲਾਕਾ ਜੋੜਿਆ ਗਿਆ ਹੈ। ਡਾ. ਸਿੱਧੂ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਵਿਚ ਮਰੀਜਾਂ ਦੀ ਗਿਣਤੀ ਪਹਿਲਾਂ 25 ਦੇ ਕਰੀਬ ਸੀ ,ਜੋ ਵੱਧ ਕੇ 100 ਦੇ ਕਰੀਬ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ, ਐਮਰਜੰਸੀ ਸੇਵਾਵਾਂ ਰੈਗੂਲਰ ਦਿੱਤੀਆਂ ਜਾਣਗੀਆਂ।
ਡਾ. ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਇਸਨੂੰ ਪ੍ਰਾਇਮਰੀ ਹੈਲਥ ਸੈਂਟਰ ਕਿਉਂ ਕਹਿ ਰਹੀ ਹੈ ਜਦਕਿ ਲੋਕਾਂ ਪਹਿਲਾਂ ਨਾਲੋਂ ਸਹੂਲਤਾਂ ਵੱਧ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਰੀਜਾਂ ਦੀਆਂ ਰਿਪੋਰਟਾਂ ਅਤੇ ਦਵਾਈਆਂ ਵੀ ਇੱਥੇ ਹੀ ਮੁਫਤ ਦਿੱਤੀਆਂ ਜਾਣਗੀਆਂ। ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਸਿਹਤ ਮਹਿਕਮੇ ਵਿਚ ਵੱਧ ਤੋਂ ਵੱਧ ਪੋਸਟਾਂ ਭਰੀਆਂ ਜਾਣਗੀਆਂ।