Sangrur News: ਸੰਗਰੂਰ ਦੇ ਪਿੰਡ ਭੱਟੀਵਾਲ ਖ਼ੁਰਦ ਵਿਖੇ ਬੀਤੀ ਰਾਤ ਆਏ ਤੇਜ਼ ਝੱਖੜ ਤੇ ਮੀਂਹ ਕਾਰਨ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰ ਗਈ ਹੈ, ਜਿਸ ਨੂੰ ਦੇਖ ਕੇ ਪੂਰੇ ਪਿੰਡ ਦੀ ਰੂਹ ਕੰਬ ਗਈ ਹੈ। ਤੇਜ਼ ਝੱਖੜ ਤੇ ਮੀਂਹ ਕਾਰਨ ਨਵੇਂ ਉਸਾਰੇ ਜਾ ਰਹੇ ਮਕਾਨ ਦੇ ਢਹਿ ਜਾਣ ਕਾਰਨ ਕੰਧ ਹੇਠ ਦੱਬਣ ਕਾਰਨ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਕੁਲਦੀਪ ਦੀ ਲਾਸ਼ ਸਾਰੀ ਰਾਤ ਕੰਧ 'ਚ ਦੱਬੀ ਰਹੀ।

ਦਰਅਸਲ 'ਚ ਕੁਲਦੀਪ ਸਿੰਘ ਰਾਖੀ ਦੇ ਤੌਰ ’ਤੇ ਰਾਤ ਨੂੰ ਆਪਣੇ ਨਵੇਂ ਉਸਾਰੇ ਜਾ ਰਹੇ ਇਸ ਮਕਾਨ ਅੰਦਰ ਹੀ ਸੁੱਤਾ ਪਿਆ ਸੀ ਕਿ ਦੇਰ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਉਸ ਦਾ ਇਹ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਤੇ ਮਕਾਨ ਦੀਆਂ ਕੰਧਾਂ ਸੁੱਤੇ ਪਏ ਕੁਲਦੀਪ ਸਿੰਘ 'ਤੇ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ। ਮਕਾਨ ਦੀ ਅਜੇ ਛੱਤ ਨਹੀਂ ਪਈ ਸੀ, ਸਿਰਫ ਚਾਰਦੀਵਾਰੀ ਹੀ ਖੜ੍ਹੀ ਕੀਤੀ ਗਈ ਸੀ।


 


ਉਸ ਦੀ ਮੌਤ ਦਾ ਪਤਾ ਉਸ ਸਮੇਂ ਲੱਗਾ ,ਜਦੋਂ ਇਕ ਹੋਰ ਵਿਅਕਤੀ ਅੱਜ ਸਵੇਰੇ ਇੱਥੋਂ ਲੰਘਿਆ ਤਾਂ ਉਸ ਨੇ ਕੁਲਦੀਪ ਸਿੰਘ ਦਾ ਢਹਿ-ਢੇਰੀ ਹੋਇਆ ਮਕਾਨ ਦੇਖਣ ਤੋਂ ਬਾਅਦ ਜਦੋਂ ਨੇੜੇ ਜਾ ਕੇ ਦੇਖਿਆਂ ਤਾਂ ਕੁਲਦੀਪ ਸਿੰਘ ਇੱਥੇ ਮ੍ਰਿਤਕ ਹਾਲਤ ’ਚ ਪਿਆ ਸੀ। ਇਸ ਦੀ ਸੂਚਨਾ ਉਸ ਨੇ ਪਿੰਡ ਵਾਸੀਆਂ ਨੂੰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਬਿਆਨ ਦਰਜ ਕਰਵਾਏ।


 ਇਹ ਵੀ ਪੜ੍ਹੋ : ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ ਦਾ ਹੱਥ ਵੱਢ ਸੁੱਟਿਆ, ਅੱਖਾਂ ਨੋਚੀਆਂ

ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 3 ਪੁੱਤਰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ। ਓਧਰ ਬੀਕੇਯੂ ਡਕੌਂਦਾ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਗੁਰਚੇਤ ਸਿੰਘ ਨੇ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।