Sangrur News: ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ’ਤੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨਵਰ ਨਿਸਾ ਅਕਾਲ ਚਲਾਣੇ ਕਰ ਗਏ ਹਨ। ਕਈ ਦਿਨ ਤੋਂ ਤਬੀਅਤ ਖਰਾਬ ਹੋਣ ਦੇ ਚਲਦਿਆਂ ਅੱਜ ਹਸਪਤਾਲ ਵਿੱਚ ਆਖਰੀ ਸਾਹ ਲਏ।
ਦੱਸ ਦਈਏ ਕਿ ਚੜ੍ਹਦੇ ਪੰਜਾਬ ਦੀ ਇਕਲੌਤੀ ਮੁਸਲਿਮ ਰਿਆਸਤ ਮਾਲੇਰਕੋਟਲਾ ਦੇ ਆਖ਼ਰੀ ਨਵਾਬ ਮਰਹੂਮ ਇਫ਼ਤਖਾਰ ਅਲੀ ਖ਼ਾਨ ਦੀ ਤੀਜੀ ਤੇ ਆਖ਼ਰੀ ਬੇਗ਼ਮ ਮੁਨੱਵਰ ਉਨ ਨਿਸ਼ਾ (103) ਸਾਲ ਕੁਝ ਦਿਨ ਬਿਮਾਰ ਰਹਿਣ ਮਗਰੋਂ ਅੱਜ ਸਵੇਰੇ ਪੰਜ ਵਜੇ ਸਥਾਨਕ ਹਜ਼ਰਤ ਹਲੀਮਾ ਹਸਪਤਾਲ ਵਿਖੇ ਵਫ਼ਾਤ ਪਾ ਗਏ।
ਕੇਅਰ ਟੇਕਰ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਬੇਗ਼ਮ ਉਮਰ ਦੇ ਤਕਾਜ਼ੇ ਵਜੋਂ ਸਰੀਰਕ ਪੱਖੋਂ ਕਾਫ਼ੀ ਕਮਜ਼ੋਰ ਹੋਣ ਕਾਰਨ ਕੁਝ ਔਖ ਮਹਿਸੂਸ ਕਰ ਰਹੇ ਸਨ। ਬੇਗ਼ਮ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਕਰੀਬ ਦਸ ਦਿਨ ਪਹਿਲਾਂ ਉਨ੍ਹਾਂ ਨੂੰ ਸਥਾਨਕ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।
ਤਿੰਨ-ਚਾਰ ਦਿਨ ਹਸਪਤਾਲ ‘ਚ ਦਾਖ਼ਲ ਰਹਿਣ ਉਪਰੰਤ ਉਨ੍ਹਾਂ ਸਿਹਤਯਾਬ ਹੋਣ ‘ਤੇ ਸਥਾਨਕ ਰਿਹਾਇਸ਼ ਮੁਬਾਰਿਕ ਮੰਜ਼ਿਲ ਮਹਿਲ ਵਿਖੇ ਵਾਪਸ ਲਿਆਂਦਾ ਗਿਆ ਸੀ। ਤਿੰਨ ਦਿਨ ਪਹਿਲਾਂ ਤਬੀਅਤ ਫਿਰ ਨਾਸਾਜ਼ ਹੋਣ ‘ਤੇ ਮੁੜ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਅੱਜ ਸਵੇਰੇ ਪੰਜ ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਦੇਹ ਨੂੰ ਮਹਿਲ ਵਿਖੇ ਲੋਕਾਂ ਦੇ ਆਖ਼ਰੀ ਦਰਸ਼ਨ ਲਈ ਰੱਖਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ....
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾਉਣ ’ਤੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖ਼ਰੀ ਬੇਗਮ ਮੁਨਵਰ ਨਿਸਾ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਦੁਖਦਾਈ ਹੈ। ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ।
ਇਹ ਵੀ ਪੜ੍ਹੋ: Ludhiana News: ਖੰਨਾ 'ਚ ਵਿਆਹ ਵਾਲੇ ਘਰ ਲੱਗੀ ਅੱਗ, ਨਗਦੀ ਤੇ ਦਾਜ ਦਾ ਸਮਾਨ ਸੜ ਕੇ ਸੁਆਹ