Sangrur News: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ਆਈ ਹੈ। ਵਿਦੇਸ਼ ਵਿੱਚ ਪੰਜਾਬ ਦੀ ਇੱਕ ਹੋਰ ਕੁੜੀ ਦੀ ਮੌਤ ਹੋ ਗਈ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ 22 ਸਾਲਾ ਮਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 18 ਦਿਨ ਪਹਿਲਾਂ ਹੀ ਟੋਰਾਂਟੋ ਗਈ ਸੀ। ਲੜਕੀ ਦੀ ਮੌਤ ਕਾਰਨ ਘਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।


ਮਨਪ੍ਰੀਤ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਰਾਤ 3 ਵਜੇ ਡਾਕਟਰ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਬੇਟੀ ਦੇ ਨਾਲ ਰਹਿ ਰਹੀ ਲੜਕੀ ਨੇ ਦੱਸਿਆ ਕਿ ਕੱਲ੍ਹ ਉਸ ਨੂੰ ਉਲਟੀ ਆਈ ਸੀ ਤੇ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ।


ਪਿਤਾ ਮੁਤਾਬਕ ਦੋਸਤਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਪਰ ਕੁਝ ਸਮੇਂ ਬਾਅਦ ਉੱਥੇ ਉਸ ਦਾ ਸਾਹ ਰੁਕ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਬੇਟੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।




ਲਗਾਤਾਰ ਹੋ ਰਹੇ ਹਾਰਟ ਅਟੈਕ ਦਾ ਸ਼ਿਕਾਰ 
ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਪੜ੍ਹਾਈ ਦੀ ਭਾਲ ਵਿੱਚ ਵਿਦੇਸ਼ ਧੜਾਧੜ ਵਿਦੇਸ਼ ਜਾ ਰਹੇ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੀ ਰੀਝ ਪੂਰੀ ਕਰ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨ ਲਗਾਤਾਰ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ।


ਪਿਛਲੇ ਇੱਕ ਮਹੀਨੇ ਦੀ ਹੀ ਗੱਲ ਕਰੀਏ ਤਾਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵਧ ਰਹੇ ਹਨ। ਜੁਲਾਈ ਮਹੀਨੇ ਵਿੱਚ ਪੰਜ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀ ਉਮਰ 17 ਤੋਂ 26 ਸਾਲ ਦੇ ਵਿਚਕਾਰ ਸੀ। ਇਸ ਲਈ ਜਿੱਥੇ ਮਾਪੇ ਫਿਕਰਮੰਦ ਹਨ, ਉਥੇ ਸਿਹਤ ਮਾਹਿਰ ਵੀ ਹੈਰਾਨ ਹਨ।


ਇਸ ਬਾਰੇ ਸਿਹਤ ਮਾਹਿਰਾਂ ਦਾ ਕਹਿਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਮੌਸਮ 'ਚ ਅਚਾਨਕ ਆਈ ਤਬਦੀਲੀ ਹੋ ਸਕਦੀ ਹੈ। ਭਾਰਤ ਤੇ ਵਿਦੇਸ਼ਾਂ ਦੇ ਮੌਸਮ ਵਿੱਚ ਬਹੁਤ ਅੰਤਰ ਹੈ। ਇਹ ਨੌਜਵਾਨ ਭਾਰਤ ਦੇ ਗਰਮ ਮਾਹੌਲ ਵਿੱਚ ਸਾਲਾਂ ਤੋਂ ਰਹਿੰਦੇ ਹਨ। ਵਿਦੇਸ਼ਾਂ ਵਿੱਚ ਮੌਸਮ ਠੰਢਾ ਹੈ। ਅਚਾਨਕ ਮੌਸਮ 'ਚ ਬਦਲਾਅ ਕਾਰਨ ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਦਿਲ ਦੀ ਸਿਹਤ 'ਤੇ ਪੈਂਦਾ ਹੈ। ਕੁਝ ਮਾਮਲਿਆਂ ਵਿੱਚ, ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਿਸ ਕਾਰਨ ਮੌਤ ਹੋ ਜਾਂਦੀ ਹੈ।


ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ ਵਿੱਚ ਸਿਸਟਮ ਬਦਲਿਆ ਹੈ। ਕਈ ਦੇਸ਼ਾਂ ਵਿੱਚ ਮੰਦੀ ਵੀ ਵਧੀ ਹੈ। ਰੁਜਗਾਰ ਦੇ ਮੌਕੇ ਘਟੇ ਹਨ। ਇਸ ਦੇ ਉਲਟ ਮਹਿੰਗਾਈ ਵਧੀ ਹੈ। ਇਸ ਕਰਕੇ ਵਿਦੇਸ਼ ਗਏ ਨੌਜਵਾਨ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਕਰ ਪਾਉਂਦੇ। ਇਸ ਲਈ ਉਹ ਤਣਾਅ ਵਿੱਚ ਰਹਿੰਦੇ ਹਨ। ਇਹ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿੱਚ ਜਾ ਕੇ ਅੱਤ ਦੀ ਖੁਸ਼ੀ ਵੀ ਇੱਕ ਹੋਰ ਕਾਰਨ ਹੋ ਸਕਦੀ ਹੈ। ਵਿਦੇਸ਼ਾਂ ਦੀ ਰੌਣਕ ਭਰੀ ਜ਼ਿੰਦਗੀ ਦੇਖ ਕੇ ਪੰਜਾਬ ਦੇ ਨੌਜਵਾਨ ਬੇਹੱਦ ਖੁਸ਼ ਹੋ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦੇ ਦਿਲ ਦੀ ਧੜਕਣ ਅਚਾਨਕ ਵਧ ਜਾਂਦੀ ਹੈ। ਅਜਿਹੀ ਸਥਿਤੀ 'ਚ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਤੇ ਅਟੈਕ ਹੋ ਜਾਂਦਾ ਹੈ।


ਇਸ ਤੋਂ ਇਲਾਵਾ ਜਿੰਮ ਤੇ ਸਪਲੀਮੈਂਟ ਦਾ ਜ਼ਿਆਦਾ ਸੇਵਨ ਵੀ ਦਿਲ ਦੇ ਦੌਰੇ ਦਾ ਕਾਰਨ ਹੋ ਸਕਦਾ ਹੈ। ਵਿਦੇਸ਼ਾਂ ਵਿੱਚ ਜਾ ਕੇ ਨੌਜਵਾਨ ਜਲਦੀ ਹੀ ਉਥੋਂ ਦੇ ਲੋਕਾਂ ਵਾਂਗ ਆਪਣਾ ਸਰੀਰ ਬਣਾਉਣਾ ਚਾਹੁੰਦੇ ਹਨ ਪਰ ਸਪਲੀਮੈਂਟ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ, ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ।