Sangrur News: ਬੇਸ਼ੱਕ ਪੰਜਾਬ ਸਰਕਾਰ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਪੂਰਾ ਵਾਹ ਲਾ ਰਹੀ ਹੈ ਪਰ ਕਿਸਾਨ ਪ੍ਰਸਾਸ਼ਨ ਦੇ ਕੰਮ ਤੋਂ ਖੁਸ਼ ਨਜ਼ਰ ਨਹੀਂ ਆ ਰਹੇ। ਕਿਸਾਨ ਆਗੂਆਂ ਨੇ ਸਰਕਾਰ ਦੇ ਯਤਨਾਂ ਨੂੰ ਨਾਕਾਫ਼ੀ ਦੱਸਦਿਆਂ ਕਿਹਾ ਹੈ ਕਿ ਨਹਿਰੀ ਖਾਲੇ ਪਵਾ ਕੇ ਜਾਂ ਮਹਿਜ਼ ਸੀਮਿੰਟ ਦੀ ਪਾਈਪਾਂ ਪਾ ਕੇ ਨਹਿਰੀ ਪਾਣੀ ਹਰ ਨੱਕੇ ਤੱਕ ਨਹੀਂ ਪਹੁੰਚਣਾ, ਸਗੋਂ ਇਸ ਕਾਰਜ ਲਈ ਬੰਦ ਪਏ ਰਜਵਾਹੇ ਤੇ ਨਵੇਂ ਰਜਵਾਹਿਆਂ ਵਿੱਚ ਪਾਣੀ ਛੁਡਵਾਉਣ ਦੀ ਲੋੜ ਹੈ।
ਦੱਸ ਦਈਏ ਕਿ ਵੀਰਵਾਰ ਨੂੰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਚਾਰ ਹਲਕਿਆਂ ਦੇ ਪਿੰਡਾਂ ਨਾਲ ਸਬੰਧਤ ਕਿਸਾਨਾਂ ਦੇ ਹਰ ਨੱਕੇ ਤੱਕ ਪਾਣੀ ਪੁੱਜਦਾ ਕਰਨ ਲਈ ਪਿਛਲੇ ਨੌਂ ਮਹੀਨਿਆਂ ਤੋਂ ਆਰੰਭੇ ਸੰਘਰਸ਼ ਦੇ ਮੱਦੇਨਜ਼ਰ ਕਾਰਜਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਨਹਿਰੀ ਵਿਭਾਗ ਤੇ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਕੀਤੇ ਜਾ ਰਹੇ ਸਰਕਾਰੀ ਯਤਨਾਂ ਸਬੰਧੀ ਜਾਣਕਾਰੀ ਦਿੱਤੀ।
ਹੋਰ ਪੜ੍ਹੋ : Sangrur News: ਕੱਚੇ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਕੜਕਦੀ ਧੁੱਪ 'ਚ ਟੈਂਕੀ 'ਤੇ ਚੜ੍ਹ ਬੈਠਾ ਬੱਚਾ
ਕਾਰਜਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਵਰਜੀਤ ਵਾਲੀਆ ਨੇ ਮੀਟਿੰਗ ਸ਼ਾਮਲ ਐਸਡੀਐਮ ਧੂਰੀ ਅਮਿਤ ਗੁਪਤਾ, ਨਹਿਰੀ ਵਿਭਾਗ ਰੋਪੜ ਡਿਵੀਜ਼ਨ ਐਕਸੀਅਨ ਸੰਚਿਤ ਗਰਗ, ਐਕਸੀਅਨ ਜਲੰਧਰ ਡਿਵੀਜ਼ਨ ਅਮਿੱਤ ਸੱਭਰਵਾਲ ਤੇ ਕਿਸਾਨਾਂ ਦੇ ਵਫ਼ਦ ਵਿੱਚ ਸ਼ੁਮਾਰ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬਲਾਕ ਪ੍ਰਧਾਨ ਮੇਹਰ ਸਿੰਘ ਈਸਾਪੁਰ, ਮਾਸਟਰ ਮੱਘਰ ਸਿੰਘ ਭੂਦਨ, ਪਰਮੇਲ ਸਿੰਘ ਹਥਨ, ਸੁਖਵਿੰਦਰ ਸਿੰਘ ਮੁਬਾਰਕਪੁਰ ਚੁੰਘਾਂ, ਬੀਕੇਯੂ ਏਕਤਾ ਉਗਰਾਹਾਂ ਦੇ ਹਰਜੀਤ ਸਿੰਘ ਬਧੇਸਾ ਨਾਲ ਘੰਟਾ ਨਹਿਰੀ ਪਾਣੀ ਸਬੰਧੀ ਵਿਚਾਰਾਂ ਕੀਤੀਆਂ।
ਮੀਟਿੰਗ ‘ਚ ਹੋਈਆਂ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਨ ਸਿੰਘ ਜਹਾਂਗੀਰ ਨੇ ਦੱਸਿਆ ਕਿ ਇਲਾਕੇ ਨੂੰ ਪਾਣੀ ਦੇਣ ਲਈ 1986 ਵਿੱਚ ਕੰਗਣਵਾਲ ਰਜਵਾਹਾ, ਰੋਹੀੜਾ ਰਜਵਾਹਾ, ਸਾਜਦਾ ਮਾਈਨਰ ਤੇ ਧੂਰੀ ਇਲਾਕੇ ਦੇ ਪਿੰਡਾਂ ਲਈ ਸਲਾਰ ਦੇ ਪੁਲ ਤੋਂ ਰਜਵਾਹੇ ਦੇ ਪ੍ਰਾਜੈਕਟ ਬਣੇ ਸਨ ਜਿਨ੍ਹਾਂ ਵਿੱਚ ਕੁਝ ਲਈ ਜ਼ਮੀਨ ਵੀ ਐਕੁਆਇਰ ਵੀ ਹੋ ਚੁੱਕੀ, ਕੰਗਣਵਾਲ ਰਜਵਾਹੇ ਦਾ ਟੈਂਡਰ ਹੋ ਚੁੱਕਿਆ ਹੈ ਤੇ ਸਲਾਰ ਦੇ ਪੁਲ ਤੋਂ ਨਿਕਲਣ ਵਾਲੇ ਰਜਵਾਹੇ ਲਈ ਕਰੀਬ 186 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ।
ਕਿਸਾਨਾਂ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਰੋਹੀੜਾ ਰਜਵਾਹਾ, ਸਾਜ਼ਦਾ ਮਾਈਨਰ ਦੀ ਨਿਸ਼ਾਨਦੇਹੀ ਦੇ ਕੰਮ ਨੂੰ ਇੱਕ ਹਫਤੇ ਵਿਚ ਪੂਰਾ ਕਰਨ, ਕੰਗਣਵਾਲ ਰਜਵਾਹੇ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਤੇ ਮਾਲੇਰਕੋਟਲਾ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਏ ਜਾਣ ਦਾ ਭਰੋਸਾ ਦਿੱਤਾ ਹੈ।