Sangrur News: ਸ਼ਹਿਰ ਦੀ ਅਨਾਜ ਮੰਡੀ ਵਿੱਚ ਖੂਬ ਹੰਗਾਮਾ ਹੋਇਆ। ਰੇਤਾ-ਬਜ਼ਰੀ ਵਿਕਰੇਤਾ ਦੇ ਟਰੈਕਟਰ ਟਰਾਲੀ ਲਾਂਭੇ ਕਰਵਾਉਣ ਆਏ ਸੁਪਰਵਾਈਜ਼ਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਦੁਕਾਨਦਾਰਾਂ ਨੇ ਸੁਪਰਵਾਈਜ਼ਰ ਨੂੰ ਢਾਹ ਕੇ ਕੁੱਟਿਆ ਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਹੁਣ ਮਾਮਲਾ ਥਾਣੇ ਪਹੁੰਚ ਗਿਆ ਹੈ। 


ਦਰਅਸਲ ਸੋਮਵਾਰ ਨੂੰ ਮੰਡੀ ਦੀ ਸਰਕਾਰੀ ਜਗ੍ਹਾ ਉੱਪਰ ਰੇਤਾ-ਬਜ਼ਰੀ ਵਾਲੇ ਦੁਕਾਨਦਾਰਾਂ ਵੱਲੋਂ ਖੜ੍ਹੇ ਕੀਤੇ ਆਪਣੇ ਟਰੈਕਟਰ-ਟਰਾਲੀ ਹਟਾਉਣ ਲਈ ਪੁੱਜੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦੀ ਦੁਕਾਨਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ। ਦੁਕਾਨਦਾਰਾਂ ਸੁਪਰਵਾਈਜ਼ਰ ਨੂੰ ਹੇਠਾਂ ਸੁੱਟ ਲਿਆ ਜਿਸ ਦੌਰਾਨ ਉਸ ਦੀ ਦਸਤਾਰ ਵੀ ਲੱਥ ਗਈ। ਮੌਕੇ ’ਤੇ ਇਕੱਠੇ ਹੋਏ ਕਿਸਾਨਾਂ ਤੇ ਲੋਕਾਂ ਨੇ ਸੁਪਰਵਾਈਜ਼ਰ ਨੂੰ ਛੁਡਵਾਇਆ ਜਿਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।


ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਨੇ ਦੱਸਿਆ ਕਿ ਕਣਕ ਦਾ ਸੀਜ਼ਨ ਹੋਣ ਕਾਰਨ ਉਚ ਅਧਿਕਾਰੀਆਂ ਮੰਡੀ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਆਦੇਸ਼ ਦਿੱਤੇ ਸਨ ਕਿਉਂਕਿ ਕਣਕ ਦੀ ਆਮਦ ਜ਼ੋਰਾਂ ’ਤੇ ਹੈ ਤੇ ਅਨਾਜ ਮੰਡੀ ’ਚ ਜਗ੍ਹਾ ਦੀ ਘਾਟ ਹੈ।


ਉਨ੍ਹਾਂ ਦੱਸਿਆ ਕਿ ਮੰਡੀ ਦੀ ਸਰਕਾਰੀ ਜਗ੍ਹਾ ’ਤੇ ਰੇਤਾ-ਬਜ਼ਰੀ ਵਾਲੇ ਦੁਕਾਨਦਾਰਾਂ ਵੱਲੋਂ ਆਪਣੇ ਨਿੱਜੀ ਟਰੈਕਟਰ-ਟਰਾਲੀ ਤੇ ਹੋਰ ਸਾਮਾਨ ਰੱਖ ਕੇ ਨਜਾਇਜ਼ ਕਬਜ਼ਾ ਕੀਤਾ ਜਾਂਦਾ ਹੈ। ਕਣਕ ਦੇ ਸੀਜ਼ਨ ਕਾਰਨ ਦੁਕਾਨਦਾਰਾਂ ਨੂੰ ਕਈ ਵਾਰ ਆਪਣਾ ਸਾਮਾਨ ਹਟਾਉਣ ਲਈ ਕਿਹਾ ਗਿਆ ਹੈ ਪਰ ਕੋਈ ਅਸਰ ਨਹੀਂ ਹੋਇਆ। 


ਸੋਮਵਾਰ ਨੂੰ ਉਹ ਜਦੋਂ ਸਾਮਾਨ ਹਟਾਉਣ ਵਾਸਤੇ ਦੁਕਾਨਦਾਰਾਂ ਨੂੰ ਕਹਿਣ ਲਈ ਗਏ ਤਾਂ ਦੋ ਦੁਕਾਨਦਾਰਾਂ ਵੱਲੋਂ ਗਾਲੀ ਗਲੋਚ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਹੇਠਾਂ ਸੁੱਟ ਲਿਆ ਜਿਸ ਕਾਰਨ ਉਸ ਦੀ ਦਸਤਾਰ ਲੱਥ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਛੁਡਵਾਇਆ। ਇਸ ਮਗਰੋਂ ਉਨ੍ਹਾਂ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਪੁੱਜ ਕੇ ਹਸਪਤਾਲ ਦਾਖਲ ਕਰਵਾਇਆ।


ਮਾਰਕੀਟ ਕਮੇਟੀ ਦੇ ਅਕਾਊਂਟੈਂਟ ਗੁਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਜਾਣੂ ਕਰਵਾ ਦਿੱਤਾ ਗਿਆ ਜਿਨ੍ਹਾਂ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਹੈ। ਉਧਰ, ਸਿਵਲ ਹਸਪਤਾਲ ਦਾਖਲ ਹੋਏ ਇੱਕ ਦੁਕਾਨਦਾਰ ਗਗਨਦੀਪ ਗੋਇਲ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੰਡੀ ਸੁਪਰਵਾਈਜ਼ਰ ਨੇ ਗਾਲੀ ਗਲੋਚ ਕਰਦਿਆਂ ਉਨ੍ਹਾਂ ਦੇ ਵਾਹਨਾਂ ਦੀਆਂ ਚਾਬੀਆਂ ਕੱਢ ਲਈਆਂ ਸਨ ਜਿਸ ਨੂੰ ਲੈ ਕੇ ਤਕਰਾਰ ਹੋਈ ਸੀ।


ਇਸ ਸਬੰਧੀ ਥਾਣਾ ਸਿਟੀ-1 ਦੇ ਇੰਚਾਰਜ ਸਬ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਸੰਗਰੂਰ ਪੁਲਿਸ ਨੇ ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਦੇ ਬਿਆਨਾਂ ’ਤੇ ਦੁਕਾਨਦਾਰ ਗਗਨਦੀਪ ਗੋਇਲ, ਸੰਜੀਵ ਤੇ 4/5 ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਜ਼ੇਰੇ ਦਫ਼ਾ 353, 186, 332, 506, 148, 149 ਆਈਪੀਸੀ ਤਹਿਤ ਥਾਣਾ ਸਿਟੀ-1 ਵਿਚ ਕੇਸ ਦਰਜ ਕਰ ਲਿਆ ਹੈ।