Unemployed Teachers, Sangrur News: ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਨੂੰ ਵੀ ਆਪਣੇ ਹੱਕਾਂ ਲਈ ਟੈਂਕੀਆਂ ਉਪਰ ਚੜ੍ਹਨਾ ਪੈ ਰਿਹਾ ਹੈ। ਪਿਛਲੇ 10 ਸਾਲ ਤੋਂ ਨਿਗੂਣੀਆਂ ਤਨਖਾਹਾਂ ਉਪਰ ਕੰਮ ਕਰ ਰਹੀਆਂ ਮਹਿਲਾ ਅਧਿਆਪਕਾਂ ਦਾ ਕਹਿਣਾ ਹੈ ਕਿ ਜੇ ਇਨਸਾਫ ਨਾ ਮਿਲਿਆ ਤਾਂ ਆਪਣੀਆਂ ਜਾਨਾਂ ਦੇਣ ਲਈ ਵੀ ਤਿਆਰ ਹਨ। ਇਸ ਲਈ ਉਹ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ਉਪਰ ਚੜ੍ਹ ਗਈਆਂ ਹਨ। 



ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਬੁੱਧਵਾਰ ਨੂੰ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਵਿਜੀਲੈਂਸ ਦਫਤਰ ਕੋਲ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ ਕੱਚੀਆਂ ਮਹਿਲਾ ਅਧਿਆਪਕਾਂ ਦਾ ਹਾਲ-ਚਾਲ ਜਾਣਨ ਲਈ ਧਰਨੇ ਵਾਲੀ ਥਾਂ 'ਤੇ ਪੁੱਜੇ। ਮਹਿਲਾ ਅਧਿਆਪਕਾਂ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਤੇ ਬੇਰੁਖੀ ਦੀਆਂ ਗੱਲਾਂ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਦੱਸਦੇ ਹੋਏ ਇਨਸਾਫ ਦਿਵਾਉਣ ਦੀ ਮੰਗ ਕੀਤੀ।



ਧਰਨੇ 'ਤੇ ਬੈਠੇ ਕੱਚੇ ਅਧਿਆਪਕਾਂ ਨੇ ਐਮਪੀ ਸੰਗਰੂਰ ਸਿਮਰਨਜੀਤ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਹੀ ਘੱਟ ਮਿਹਨਤਾਨੇ 'ਤੇ ਕੰਮ ਕਰਦਿਆਂ ਨੂੰ  10 ਸਾਲ ਤੋਂ ਵੀ ਵਧੇਰੇ ਸਮੇਂ ਬੀਤ ਚੁੱਕਿਆ ਹੈ। ਸਰਕਾਰ ਵੱਲੋਂ ਉਨ੍ਹਾਂ ਦੇ ਨਾਲ ਦੇ 12700 ਅਧਿਆਪਕ ਪੱਕੇ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 130 ਅਧਿਆਪਕ ਜਿਨ੍ਹਾਂ ਦਾ ਸਮਾਂ 31 ਅਗਸਤ ਤੱਕ ਪੂਰਾ ਹੋਣਾ ਸੀ, ਉਹ ਤਨਖਾਹ ਵਾਧੇ ਦੇ ਆਰਡਰਾਂ ਤੋਂ ਵਾਂਝੇ ਰਹਿ ਗਏ ਸਨ।


ਹੁਣ ਉਨ੍ਹਾਂ ਨੂੰ 10 ਸਾਲ ਦੀ ਸਰਵਿਸ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਤਨਖਾਹ ਵਾਧੇ ਦੇ ਆਰਡਰ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਪਿਛਲੇ ਚਾਰ ਦਿਨਾਂ ਤੋਂ ਉਹ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਹੋਏ ਹਨ, ਉਨ੍ਹਾਂ ਦੀ ਸੁੱਧ ਲੈਣ ਵੀ ਹਾਲੇ ਤੱਕ ਕੋਈ ਨਹੀਂ ਪਹੁੰਚਿਆ। 



ਟੈਂਕੀ 'ਤੇ ਚੜ੍ਹੀਆਂ ਮਹਿਲਾ ਅਧਿਆਪਕਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਪੈਟਰੋਲ ਵਾਲੀਆਂ ਬੋਤਲਾਂ ਵੀ ਲੈ ਕੇ ਚੜ੍ਹੀਆਂ ਹਨ। ਇਨਸਾਫ ਮਿਲਣ ਤੱਕ ਉਹ ਹੇਠਾਂ ਨਹੀਂ ਆਉਣਗੀਆਂ। ਜੇਕਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਤਮਦਾਹ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੀਆਂ।


ਕੱਚੇ ਅਧਿਆਪਕਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਹਨ। ਜੇਕਰ ਹੋਰਨਾਂ ਕੱਚੇ ਅਧਿਆਪਕਾਂ ਦੇ ਤਨਖਾਹ ਸਕੇਲ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਇਨ੍ਹਾਂ ਰਹਿੰਦੇ ਕੱਚੇ ਅਧਿਆਪਕਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ। 


ਉਨ੍ਹਾਂ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਵਾਲੇ ਇਸ ਦੌਰ ਵਿੱਚ 6 ਹਜ਼ਾਰ ਤਨਖਾਹ ਨਾਲ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਕੱਚੇ ਮੁਲਾਜ਼ਮਾਂ ਦੀ ਆਵਾਜ਼ ਜ਼ਰੂਰ ਉਠਾਣਗੇ। ਉਨ੍ਹਾਂ ਨੇ ਮੌਕੇ 'ਤੇ ਹੀ ਏਡੀਸੀ, ਸਿਵਲ ਸਰਜਨ ਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਲਈ ਕਿਹਾ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦੁਆਇਆ।


ਦੱਸ ਦਈਏ ਕਿ ਤਿੰਨ ਮਹਿਲਾ ਅਧਿਆਪਕਾਂ ਟੈਂਕੀ ਉਪਰ ਡਟੀਆਂ ਹੋਈਆਂ ਹਨ। ਉਹ 10 ਸਾਲ ਦੀ ਸਰਵਿਸ ਪੂਰੀ ਹੋਣ ’ਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੀਆਂ ਹਨ ਜਦੋਂ ਕਿ ਬਾਕੀ ਕੱਚੇ ਅਧਿਆਪਕ ਟੈਂਕੀ ਹੇਠਾਂ ਪੱਕਾ ਮੋਰਚਾ ਲਾ ਕੇ ਬੈਠੇ ਹਨ। ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਟੈਂਕੀ ਮੋਰਚੇ ’ਤੇ ਪੁੱਜ ਕੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਤੋਂ ਟੈਂਕੀ ’ਤੇ ਚੜ੍ਹੀਆਂ ਅਧਿਆਪਕਾਂ ਦੀ ਸੁਣਵਾਈ ਕਰਨ ਦੀ ਮੰਗ ਕੀਤੀ। 


ਤਿੰਨ ਮਹਿਲਾ ਅਧਿਆਪਕਾਂ ਸੁਖਜੀਤ ਕੌਰ ਮਾਨਸਾ, ਗੁਰਜੀਤ ਕੌਰ ਲੁਧਿਆਣਾ ਤੇ ਮਨਜੀਤ ਕੌਰ ਮਾਨਸਾ ਇੱਥੇ ਬੱਸ ਸਟੈਂਡ ਰੋਡ ’ਤੇ ਵਿਜੀਲੈਂਸ ਦਫ਼ਤਰ ਨੇੜੇ ਸਥਿਤ ਪਾਣੀ ਵਾਲੀ ਟੈਂਕੀ ਉਪਰ ਲੰਘੀ 4 ਮਾਰਚ ਨੂੰ ਚੜ੍ਹੀਆਂ ਸਨ। ਮਹਿਲਾ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਤਾਦਾਦ ’ਚ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ ਪਰ 130 ਦੇ ਕਰੀਬ ਕੱਚੇ ਅਧਿਆਪਕ ਰੈਗੂਲਰ ਹੋਣ ਤੋਂ ਵਾਂਝੇ ਰਹਿ ਗਏ ਹਨ ਜੋ ਪਿਛਲੇ ਦਸ ਸਾਲ ਤੋਂ ਸਿਰਫ਼ ਛੇ ਹਜ਼ਾਰ ਰੁਪਏ ਨਿਗੂਣੀ ਤਨਖਾਹ ’ਤੇ ਸੇਵਾਵਾਂ ਨਿਭਾਅ ਰਹੇ ਹਨ। 


ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਸਿਰਫ਼ ਛੇ ਹਜ਼ਾਰ ਨਾਲ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਕਿਸੇ ਵੀ ਹਾਲਤ ਵਿਚ ਸੰਭਵ ਨਹੀਂ। ਉਨ੍ਹਾਂ ਦੱਸਿਆ ਕਿ 31 ਅਗਸਤ 2023 ਨੂੰ ਉਹਨ੍ਹਾਂ ਦੀ ਸਰਵਿਸ ਨੂੰ 10 ਸਾਲ ਪੂਰੇ ਹੋ ਚੁੱਕੇ ਹਨ ਪਰ ਸੇਵਾਵਾਂ ਨਿਯਮਿਤ ਨਹੀਂ ਕੀਤੀਆਂ ਜਾ ਰਹੀਆਂ।