ਅਨਿਲ ਜੈਨ ਦੀ ਰਿਪੋਰਟ


Sangrur News: ਅੱਜਕੱਲ੍ਹ ਦੀ ਪੀੜ੍ਹੀ ਪੁਰਾਣੇ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੁਰਾਣੇ ਸੱਭਿਆਚਾਰ ਬਾਰੇ ਘੱਟ ਹੀ ਪਤਾ ਹੈ। ਜੇ ਆਪਾਂ ਚਾਲੀ ਪੰਜਾਹ ਸਾਲ ਪਿੱਛੇ ਜਾਈਏ ਤਾਂ ਉਦੋਂ ਖੂਹ, ਟਿੰਡਾਂ, ਚਰਖਾ, ਰੂੰ ਤੂੰਬਾ, ਤੰਦੂਰ, ਰੜਕਣਾ, ਆਮ ਪ੍ਰਚੱਲਤ ਚੀਜ਼ਾਂ ਸਨ। ਇਨ੍ਹਾਂ ਚੀਜ਼ਾਂ ਵਿੱਚੋਂ ਇੱਕ ਹੁੰਦਾ ਸੀ ਪੁਰਾਤਨ ਸੱਭਿਆਚਾਰ ਦਾ ਸ਼ਿੰਗਾਰ ਗੱਡਾ। ਗੱਡਾ ਪੁਰਾਣੇ ਸਮਿਆਂ ਵਿੱਚ ਸਰਦੇ-ਪੁਰਦੇ ਘਰਾਂ ਵਿੱਚ ਹੁੰਦਾ ਸੀ। ਜਿਸ ਘਰ ਵਿੱਚ ਬਲਦ, ਹਲ ਤੇ ਗੱਡਾ ਨਹੀਂ ਸੀ ਹੁੰਦਾ, ਉਸ ਨੂੰ ਗਰੀਬ ਕਿਸਾਨ ਸਮਝਿਆ ਜਾਂਦਾ ਸੀ। 


ਇਸੇ ਤਰ੍ਹਾਂ ਲਗਪਗ 104 ਸਾਲ ਪੁਰਾਣੇ ਸਮੇਂ ਦਾ ਗੱਡਾ ਸਾਂਭੀ ਬੈਠੇ ਹਨ ਪਿੰਡ ਬੱਲਰਾ ਦੇ ਕਿਸਾਨ ਮਿਸਰਾ ਸਿੰਘ। ਇਨ੍ਹਾਂ ਨੇ ਇਸ ਗੱਡੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕੀਤਾ। ਹੁਣ ਭਾਵੇਂ ਮਿਸਰਾ ਸਿੰਘ 102 ਸਾਲ ਦੀ ਸਵੱਸਥ ਉਮਰ ਭੋਗ ਕੇ ਅਜੇ ਪੰਦਰਾਂ ਕੁ ਦਿਨ ਪਹਿਲਾਂ ਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਪਰ ਇਨ੍ਹਾਂ ਦਾ ਪਰਿਵਾਰ ਗੱਡੇ ਦੀ ਸੰਭਾਲ ਵਧੀਆ ਤਰੀਕੇ ਨਾਲ ਕਰ ਰਿਹਾ ਹੈ। 


ਇਹ ਗੱਡਾ ਦੇਸ ਦੀ ਆਜ਼ਾਦੀ ਤੋਂ ਲਗਪਗ ਵੀਹ ਸਾਲ ਪਹਿਲਾਂ ਭਾਵ 1927 ਦੇ ਨੇੜੇ-ਤੇੜੇ ਦਾ ਬਣਿਆ ਹੋਇਆ ਹੈ। ਇਸ ਗੱਡੇ ਤੇ ਪੁਰਾਤਨ ਕਲਾਕਾਰੀ ਅਜੇ ਵੀ ਕਾਇਮ ਹੈ। ਇਸ ਉੱਤੇ ਲਗਪਗ ਸੌ ਕਿਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ।


ਮਿਸਰਾ ਸਿੰਘ ਦੇ ਪਰਿਵਾਰ ਨੇ ਗੱਡੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਅਨਾਜ ਦੀ ਸਾਰੀ ਢੋਆ-ਢੋਆਈ ਇਸ ਗੱਡੇ ਰਾਹੀਂ ਕਰਦੇ ਸੀ। ਆਪਣੀ  ਢੋਆ-ਢੋਆਈ ਤੋਂ ਇਲਾਵਾ ਕਿਰਾਏ ਦਾ ਕੰਮ ਵੀ ਇਸ ਗੱਡੇ  ਰਾਹੀਂ ਹੀ ਕਰਿਆ ਕਰਦੇ ਸੀ। ਇਸ ਦੀ ਭਾਰ ਚੁੱਕਣ ਦੀ ਸਮਰੱਥਾ ਚਾਲੀ-ਪੰਤਾਲੀ ਮਣ ਦੇ ਕਰੀਬ ਸੀ। 


ਉਸ ਸਮੇਂ ਲੱਗਪਗ ਸਾਰੇ ਰਸਤੇ ਕੱਚੇ ਹੁੰਦੇ ਸੀ ਤੇ ਇਹ ਗੱਡਾ ਉਨ੍ਹਾਂ ਕੱਚੇ ਰਸਤਿਆਂ ਦਾ ਸ਼ਿੰਗਾਰ ਹੁੰਦਾ ਸੀ ।ਇਹ ਗੱਡਾ ਪੁਰਾਤਨ ਸਮੇਂ ਵਿੱਚ ਉਨ੍ਹਾਂ ਦੇ ਪਿੰਡ ਤੋਂ ਲਗਪਗ 100 ਕਿਲੋਮੀਟਰ ਦੇ ਦਾਇਰੇ ਨਰਵਾਣਾ, ਜੀਂਦ, ਰੋਹਤਕ, ਸਮਾਣਾ, ਪਟਿਆਲਾ ਤੱਕ ਨੁਮਾਇਸ਼ ਵਜੋਂ ਜਾ ਚੁੱਕਾ ਹੈ ਤੇ ਕਈ ਥਾਵਾਂ ਤੇ ਵਧੀਆ ਮਾਣ ਸਨਮਾਨ ਵੀ ਹਾਸਲ ਕਰ ਚੁੱਕਾ ਹੈ। 


ਇਸ ਗੱਡੀ ਦੀ ਕੀਮਤ ਕਈ ਲੱਖ ਰੁਪਏ ਤੱਕ ਲਾਈ ਜਾ ਚੁੱਕੀ ਹੈ, ਪਰ ਕਿਸਾਨ ਮਿਸਰਾ ਸਿੰਘ ਦੇ ਪੁੱਤਰ ਗੁਲਾਬ ਸਿੰਘ, ਗਮਦੂਰ ਸਿੰਘ ,ਪੋਤੇਰੇ ਲਾਡੀ ਸਿੰਘ, ਭੋਲਾ ਸਿੰਘ ,ਬਿੱਟੂ ਸਿੰਘ, ਮੱਖਣ ਸਿੰਘ, ਚੇਤਪਾਲ ਸਿੰਘ ਤੇ ਪੜਪੋਤੇ ਗੁਰਵਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਗੱਡੇ ਨੂੰ ਜਾਨ ਤੋਂ ਵੀ ਜ਼ਿਆਦਾ ਸਾਂਭ ਕੇ ਰੱਖਦੇ ਹਾਂ।