ਸਾਹਨੇਵਾਲ (ਲੁਧਿਆਣਾ) : ਪੰਜਾਬ ਵਿਧਾਨ ਸਭਾ ਚੋਣਾਂ ਦੇ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਹਨ। ਅਜਿਹੇ 'ਚ ਕੋਈ ਵੀ ਪਾਰਟੀ  ਪ੍ਰਚਾਰ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਵੱਡੇ-ਵੱਡੇ ਦਿੱਗਜ ਪੰਜਾਬ 'ਚ ਆ ਕੇ ਪ੍ਰਚਾਰ ਕਰ ਰਹੇ ਹਨ।  


ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ ਨੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਮੁੰਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।  ਸਿਸੋਦੀਆ ਨੇ ਲੋਕਾਂ ਨੂੰ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।


ਮਨੀਸ ਸਿਸੋਦੀਆ ਨੇ ਸੋਮਵਾਰ ਨੂੰ ਸਾਹਨੇਵਾਲ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣ ਪ੍ਰਚਾਰ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਤੁਸੀਂ ਅਕਾਲੀ ਦਲ ਅਤੇ ਕਾਂਗਰਸ ਨੂੰ ਮੌਕੇ ਦਿੱਤੇ। ਅਕਾਲੀ ਦਲ ਨੇ 26 ਸਾਲ ਅਤੇ ਕਾਂਗਰਸ ਨੇ 24 ਸਾਲ ਪੰਜਾਬ 'ਤੇ ਰਾਜ ਕੀਤਾ। ਦੋਵਾਂ ਨੇ ਸੂਬੇ ਦੇ ਕੁਦਰਤੀ ਸੋਮੇ ਵੇਚ ਦਿੱਤੇ ਅਤੇ ਸਰਕਾਰੀ ਖਜਾਨਾ ਖਾਲੀ ਕਰ ਦਿੱਤਾ। ਇਸ ਬਾਰ ਇੱਕ ਮੌਕਾ 'ਆਪ' ਨੂੰ ਦਿਓ।


ਪਰਚਾ ਰਾਜ ਹੋਵੇਗਾ ਖਤਮ - 


ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਪਰਚਾ ਰਾਜ ਖਤਮ ਕਰੇਗੀ ਅਤੇ ਸਾਰੇ ਝੂਠੇ ਪਰਚਿਆਂ ਨੂੰ ਰੱਦ ਕਰੇਗੀ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਸੁਧਾਰਿਆ, ਬਿਜਲੀ ਦੇ ਬਿੱਲ ਜੀਰੋ ਕੀਤਾ, ਨੌਜਵਾਨਾਂ ਨੂੰ ਰੁਜਗਾਰ ਦਿੱਤਾ।




ਵੋਟਾਂ ਲਈ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ। ਇੱਕ ਮੌਕਾ 'ਆਪ' ਦੀ ਇਮਾਨਦਾਰ ਰਾਜਨੀਤੀ ਨੂੰ ਦਿਓ।  ਪੰਜਾਬ ਵਿੱਚ ਚੰਗੇ ਸਕੂਲ, ਹਸਪਤਾਲ ਬਣਾਵਾਂਗੇ ਅਤੇ ਨੌਜਵਾਨਾਂ ਨੂੰ ਰੁਜਗਾਰ ਦੇ ਮੌਕੇ ਦੇਵਾਂਗੇ। ਉਹਨਾਂ ਕਿਹਾ ਕਿ ਕੰਮ ਕਰਕੇ ਦਿਖਾਵਾਂਗੇ ਕਿ ਵਿਕਾਸ ਕਿਵੇਂ ਕੀਤਾ ਜਾਂਦਾ ਹੈ।
ਸਿਸੋਦੀਆ ਨੇ ਵਿਰੋਧੀ ਪਾਰਟੀਆਂ 'ਤੇ ਵੀ ਤਿੱਖਾ ਨਿਸਾਨਾ ਸਾਧਿਆ। ਉਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸੀ ਨੇਤਾ ਘਰ-ਘਰ ਜਾਕੇ ਪੈਸੇ ਵੰਡ ਕੇ ਲੋਕਾਂ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਵੀ ਪਾਰਟੀ ਦਾ ਲੀਡਰ ਪੈਸੇ ਦੇਵੇ ਤਾਂ ਲੈ ਲਵੋ, ਪਰ ਵੋਟ ਝਾੜੂ ਨੂੰ ਹੀ ਪਾਉਣਾ, ਕਿਉਂਕਿ ਪੰਜਾਬ ਦੇ ਸਕੂਲਾਂ ਦੀ ਹਾਲਤ ਸਿਰਫ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹੀ ਸੁਧਾਰ ਸਕਦੇ ਹਨ।


ਇਹ ਵੀ ਪੜ੍ਹੋ;Lakhimpur Kheri Case: ਆਸ਼ੀਸ਼ ਮਿਸ਼ਰਾ ਭਲਕੇ ਹੋ ਸਕਦਾ ਰਿਹਾਅ, ਬੇਲ ਆਰਡਰ 'ਚ ਜੋੜੀਆਂ 302 ਤੇ 120ਬੀ ਧਾਰਾਵਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904